ਹਰਦੀਪ ਸਿੰਘ ਸੋਢੀ
ਧੂਰੀ, 6 ਨਵੰਬਰ
‘ਆਪ’ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਦੇ ਯਤਨਾਂ ਸਦਕਾ ਪਿਛਲੇ ਚਾਰ ਸਾਲਾਂ ਤੋਂ ਮਲੇਸ਼ੀਆ ਵਿਚ ਫਸਿਆ ਪਿੰਡ ਬਮਾਲ ਦਾ ਨੌਜਵਾਨ ਆਪਣੇ ਪਰਿਵਾਰ ’ਚ ਪਰਤ ਚੁੱਕਾ ਹੈ। ਅੱਜ ‘ਆਪ’ ਆਗੂ ਸੰਦੀਪ ਸਿੰਗਲਾ ਦੇ ਦਫ਼ਤਰ ਵਿਚ ਧੰਨਵਾਦ ਕਰਨ ਪਹੁੰਚੇ ਪਿੰਡ ਬਮਾਲ ਦੇ 35 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਨੇ ਆਪਣੀ ਹੱਡਬੀਡੀ ਮੀਡੀਆ ਨੂੰ ਦੱਸੀ। ਉਸ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਲਈ ਸਾਲ 2016 ਵਿਚ ਟਰੈਵਲ ਏਜੰਟ ਰਾਹੀਂ ਵੈਲਡਰ ਵਜੋਂ ਮਲੇਸ਼ੀਆ ਗਿਆ ਸੀ। ਇੱਕ ਸਾਲ ਦੇ ਵਰਕ ਪਰਮਿਟ ਤੋਂ ਬਾਅਦ ਅੱਗੇ ਵਰਕ ਪਰਮਿਟ ਨਾ ਮਿਲਣ ਕਾਰਨ ਉਹ ਮਲੇਸ਼ੀਆ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਸਮਾਂ ਬਤੀਤ ਕਰਨ ਲਈ ਮਜਬੂਰ ਸੀ। ਕੰਮ ਨਾ ਮਿਲਣ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਵੀ ਰਿਹਾ ਅਤੇ ਦਿਲ ਦਾ ਰੋਗੀ ਹੋਣ ਕਾਰਨ ਇਲਾਜ ਨੂੰ ਵੀ ਤਰਸਦਾ ਰਿਹਾ। ਉਸ ਨੇ ਕਿਹਾ ਕਿ ਕਿਸੇ ਵੀ ਭਾਰਤੀ ਜਥੇਬੰਦੀ ਅਤੇ ਨਾ ਹੀ ਭਾਰਤ ਦੇ ਸਫਾਰਤਖਾਨੇ ਵੱਲੋਂ ਭਾਰਤ ਆਉਣ ਲਈ ਉਸ ਦੀ ਕੋਈ ਮੱਦਦ ਕੀਤੀ ਗਈ। ਇਸੇ ਦੌਰਾਨ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਬੱਬਲਪ੍ਰੀਤ ਰਾਹੀਂ ਉਸ ਦਾ ਰਾਬਤਾ ‘ਆਪ’ ਆਗੂ ਸੰਦੀਪ ਸਿੰਗਲਾ ਨਾਲ ਹੋਇਆ। ਉਨ੍ਹਾਂ ਨੇ ਉਸ ਨੂੰ ਮਲੇਸ਼ੀਆ ’ਚ ਹੋਇਆ ਜੁਰਮਾਨਾ ਭਰਨ ਦੇ ਨਾਲ-ਨਾਲ ਉਸ ਦੇ ਭਾਰਤ ਆਉਣ ਲਈ ਸਫ਼ਾਰਤਖਾਨੇ ਨਾਲ ਸੰਪਰਕ ਕਰ ਕੇ ਉਸ ਲਈ ਹਵਾਈ ਟਿਕਟ ਦਾ ਪ੍ਰਬੰਧ ਕੀਤਾ ਤੇ ਉਸ ਦਾ ਇਲਾਜ ਵੀ ਕਰਵਾ ਰਹੇ ਹਨ।
ਇਸ ਮੌਕੇ ਸੰਦੀਪ ਸਿੰਗਲਾ ਨੇ ਜਸਪ੍ਰੀਤ ਸਿੰਘ ਦੇ ਸਹੀ ਸਲਾਮਤ ਆਪਣੇ ਪਰਿਵਾਰ ‘ਚ ਆਉਣ ਦਾ ਸਿਹਰਾ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਦਿੱਤਾ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਰੁਜ਼ਗਾਰ ਦੇ ਵਸੀਲੇ ਪੈਦਾ ਨਾ ਕੀਤੇ ਜਾਣ ਕਾਰਨ ਪੰਜਾਬ ਦੀ ਨੌਜਵਾਨੀ ਏਜੰਟਾਂ ਦੇ ਧੱਕੇ ਚੜ੍ਹ ਕੇ ਵਿਦੇਸ਼ਾਂ ਵੱਲ ਭੱਜ ਰਹੀ ਹੈ। ਸਰਕਾਰਾਂ ਨੂੰ ਨੌਜਵਾਨਾਂ ਦੇ ਭਵਿੱਖ ਬਾਰੇ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਏਜੰਟਾਂ ਦੇ ਝਾਸੇ ਵਿਚ ਆ ਕੇ ਵਿਦੇਸ਼ ਜਾਣ ਤੋਂ ਪਹਿਲਾਂ ਉਹ ਸਾਰੀ ਜ਼ਰੂਰੀ ਜਾਣਕਾਰੀ ਹਾਸਲ ਕਰਨ।