ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਸਤੰਬਰ
ਜ਼ਿਲ੍ਹਾ ਸੰਗਰੂਰ ਦੀ ਸਬ-ਡਿਵੀਜ਼ਨ ਭਵਾਨੀਗੜ੍ਹ ਤੋਂ ਕਰੀਬ ਦੋ ਮਹੀਨੇ ਤੋਂ ਲਾਪਤਾ 30 ਸਾਲਾ ਮੀਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਸਦਕਾ ਆਪਣੇ ਪਰਿਵਾਰ ਨੂੰ ਮਿਲ ਗਈ ਹੈ। ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਦਿਮਾਗੀ ਪ੍ਰੇਸ਼ਾਨੀ ਕਾਰਨ ਮੀਨੂੰ ਗਰਭਵਤੀ ਹਾਲ ’ਚ ਗੁੰਮ ਹੋ ਗਈ ਸੀ। ਉਸ ਦੀ ਪੱਛਮੀ ਬੰਗਾਲ ਦੇ ਡਾਇਮੰਡ ਹਾਰਬੜ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਪਛਾਣ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਉਨ੍ਹਾਂ ਦੱਸਿਆ ਕਿ ‘ਵੈਸਟ ਬੰਗਾਲ ਰੇਡੀਓ ਕਲੱਬ’ ਵੱਲੋਂ ਇਸ ਲੜਕੀ ਦੇ ਪੱਛਮੀ ਬੰਗਾਲ ਵਿੱਚ ਹੋਣ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਮੀਨੂੰ ਦੇ ਭਰਾ ਦੀਪ ਸਿੰਘ ਪੁੱਤਰ ਭੋਲਾ ਸਿੰਘ ਨਾਲ ਰਾਬਤਾ ਕੀਤਾ ਗਿਆ। ਪਰਿਵਾਰ ਵੱਲੋਂ ਆਰਥਿਕ ਤੰਗੀ ਦੀ ਮਜਬੂਰੀ ਦੱਸਦਿਆਂ ਮੀਨੂੰ ਨੂੰ ਪੱਛਮੀ ਬੰਗਾਲ ਤੋਂ ਲਿਆਉਣ ਲਈ ਅਸਮਰੱਥਾ ਜ਼ਾਹਿਰ ਕੀਤੀ ਗਈ। ਪ੍ਰਸ਼ਾਸਨ ਲੜਕੀ ਦੇ ਭਰਾ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਿੱਚੋਂ 10 ਹਜ਼ਾਰ ਰੁਪਏ ਮੁਹੱਈਆ ਕਰਵਾਏ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਪਰਿਵਾਰ ਲੜਕੀ ਕੋਲ ਪਹੁੰਚ ਗਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਮੀਨੂੰ ਬਿਲਕੁੱਲ ਠੀਕ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ।