ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਜਨਵਰੀ
ਪਤਨੀ ਅਤੇ ਪੁੱਤਰ ਦੀ ਮੌਤ ਮਗਰੋਂ ਇੱਕ ਬਜ਼ੁਰਗ ਨੇ ਆਪਣੇ ਰਿਸ਼ਤੇਦਾਰ ’ਤੇ ਕਥਿਤ ਤੌਰ ’ਤੇ ਧੋਖੇ ਨਾਲ ਦੁਕਾਨ, ਮਕਾਨ ਅਤੇ ਜ਼ਮੀਨ ਹੜੱਪਣ ਅਤੇ ਘਰੋਂ ਬੇਘਰ ਕਰਨ ਦਾ ਦੋਸ਼ ਲਾਇਆ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਜਿਸਨੂੰ ਪੁੱਤ ਬਣਾ ਕੇ ਘਰ ਰੱਖਿਆ ਉਹ ਬੇਗਾਨਿਆਂ ਨਾਲੋਂ ਵੀ ਵੱਧ ਮਾੜੀ ਕਰ ਗਿਆ। 92 ਸਾਲਾਂ ਨੂੰ ਢੁੱਕਿਆ ਬਜ਼ੁਰਗ ਇਨਸਾਫ਼ ਲਈ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹੈ ਜਿਸ ਦੀ ਦੁੱਖ ਭਰੀ ਦਾਸਤਾਨ ਸੁਣ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਮੱਦਦ ਲਈ ਅੱਗੇ ਆਏ ਹਨ।
ਇੱਥੇ ਮੀਡੀਆ ਅੱਗੇ ਲਿਆਂਦੇ 92 ਸਾਲ ਦੇ ਬਜ਼ੁਰਗ ਗੱਜਣ ਸਿੰਘ ਵਾਸੀ ਚੀਮਾ ਨੇ ਰੋਂਦਿਆਂ ਆਪਣੀ ਦੁੱਖ ਭਰੀ ਕਹਾਣੀ ਬਿਆਨ ਕਰਦਿਆਂ ਦੱਸਿਆ ਕਿ ਉਸ ਦੀ ਪਤਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਹੈ ਅਤੇ ਉਸ ਦਾ ਇਕਲੌਤਾ ਪੁੱਤਰ ਵੀ ਇੱਕ ਦੁਰਘਟਨਾ ’ਚ ਸਦੀਵੀ ਵਿਛੋੜਾ ਦੇ ਗਿਆ ਹੈ। ਬੁਢਾਪੇ ਵਿਚ ਸਹਾਰਾ ਤੱਕਦਿਆਂ ਉਸ ਨੇ ਆਪਣੇ ਰਿਸ਼ਤੇਦਾਰ ਨੌਜਵਾਨ ਨੂੰ ਪੁੱਤ ਬਣਾ ਕੇ ਆਪਣੇ ਨਾਲ ਰੱਖ ਲਿਆ ਪਰੰਤੂ ਚਾਰ ਮਹੀਨਿਆਂ ਵਿੱਚ ਉਸ ਦਾ ਸਭ ਕੁੱਝ ਲੁੱਟ ਕੇ ਉਸ ਨੂੰ ਘਰੋਂ ਬੇਘਰ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਬੈਂਕ ਖਾਤੇ ਵਿੱਚ 12 ਲੱਖ ਰੁਪਏ, ਇੱਕ ਦੁਕਾਨ, ਘਰ ਅਤੇ ਦੋ ਕਨਾਲ ਜ਼ਮੀਨ ਉਸ ਦਾ ਬਜ਼ੁਰਗ ਹੋਣ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਧੋਖੇ ਨਾਲ ਹੜੱਪ ਲਿਆ ਅਤੇ ਉਸ ਨੂੰ ਉਸ ਦੇ ਸਹੁਰੇ ਪਿੰਡ ਲਾਵਾਰਸ ਛੱਡ ਦਿੱਤਾ। ਹੁਣ ਉਹ ਆਪਣੀ ਛੋਟੀ ਧੀ ਨਾਲ ਜ਼ਿਲ੍ਹਾ ਮਾਨਸਾ ’ਚ ਰਹਿ ਰਿਹਾ ਹਾਂ। ਉਸਨੇ ਦੱਸਿਆ ਕਿ ਉਹ ਆਪਣੇ ਨਾਲ ਹੋਏ ਧੋਖੇ ਬਾਰੇ ਪੁਲੀਸ ਕੋਲ ਸ਼ਿਕਾਇਤ ਵੀ ਕਰ ਚੁੱਕਾ ਹੈ ਪਰ ਅਜੇ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਬਜ਼ੁਰਗ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਏ ਆਗੂਆਂ ਗੁਰਸੇਵਕ ਸਿੰਘ ਜਵਾਹਰਕੇ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਬਜ਼ੁਰਗ ਦੀ ਦੁੱਖ ਭਰੀ ਦਾਸਤਾਨ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਪਰੰਤੂ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇ 2 ਫਰਵਰੀ ਤੱਕ ਬਜ਼ੁਰਗ ਨੂੰ ਇਨਸਾਫ਼ ਨਾ ਮਿਲਿਆ ਅਤੇ ਉਸਦੀ ਜਾਇਦਾਦ ਅਤੇ ਪੈਸਾ ਵਾਪਸ ਨਾ ਮਿਲਿਆ ਤਾਂ ਸੰਘਰਸ਼ ਦਾ ਰਾਹ ਅਖ਼ਤਿਆਰ ਕਰਾਂਗੇ।