ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਅਕਤੂਬਰ
ਪੰਜਾਬੀ ਟ੍ਰਿਬਿਊਨ ਵਿੱਚ 19 ਅਕਤੂਬਰ ਨੂੰ ‘ਜਜ਼ਬੇ ਨੂੰ ਸਲਾਮ’ ਸਿਰਲੇਖ ਹੇਠ ਛਪੀ ਖ਼ਬਰ ਪੜ੍ਹ ਕੇ ਸੰਗਰੂਰ ਦਾ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਸੰਗਰੂਰ ਦੇ ਡਿਪਟੀ ਕਮਸ਼ਿਨਰ ਰਾਮਵੀਰ ਨੇ ਲਹਿਰਾਗਾਗਾ ਦੇ ਐੱਸਡੀਐੱਮ ਜੀਵਨਜੋਤ ਕੌਰ ਨੂੰ ਪੈਰਾਂ ਨਾਲ ਪੋਸਟਰ ਬਣਾ ਕੇ ਮੁਕਾਬਲੇ ’ਚ ਅੱਵਲ ਰਹਿਣ ਵਾਲੇ ਬੱਚੇ ਜਸ਼ਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਬਾਰੇ ਸੰਪੂਰਨ ਰਿਪੋਰਟ ਲੈਣ ਲਈ ਪਿੰਡ ਕਾਲਬੰਜਾਰਾ ਦੇ ਸਕੂਲ ’ਚ ਭੇਜਿਆ। ਉਹ ਬਾਹਾਂ ਤੋਂ ਆਹਰੀ ਹੋਣ ਦੇ ਬਾਵਜੂਦ ਪੈਰਾਂ ਨਾਲ ਹੱਥਾਂ ਨਾਲੋਂ ਵੀ ਸੋਹਣੀ ਲਿਖਾਈ ਲਿਖਣ ਕਰ ਕੇ ਹਰ ਕਲਾਸ ’ਚ ਪਹਿਲੇ ਸਥਾਨ ’ਤੇ ਆਉਂਦਾ ਰਿਹਾ ਹੈ।
ਪੰਜਵੀਂ ਜਮਾਤ ਦਾ ਇਹ ਦਿਵਿਆਂਗ ਵਿਦਿਆਰਥੀ ਪੈਰਾਂ ਨਾਲ ਪੋਸਟਰ ਬਣਾਉਣ ਦੇ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਰਿਹਾ ਹੈ।
ਐੱਸਡੀਐੱਮ ਜੀਵਨਜੋਤ ਕੌਰ ਇਸ ਦਿਵਿਆਂਗ ਬੱਚੇ ਦੀ ਮਿਹਨਤ, ਲਗਨ, ਇਮਾਨਦਾਰੀ ਤੇ ਪੜ੍ਹਾਈ ਤੋਂ ਪ੍ਰਭਾਵਿਤ ਹੋਏ ਜਿਸ ਨੇ ਦਿਵਿਆਂਗ ਹੁੰਦੇ ਹੋਏ ਪੈਰਾਂ ਨਾਲ ਅਤਿ ਸੰਦਰ ਲਿਖਾਈ, ਪੇਂਟਿੰਗ ’ਚ ਸੂਬੇ ’ਚੋਂ ਨਾਮਣਾ ਖੱਟ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਆਪਣੇ ਮਾਪਿਆਂ ਤੇ ਅਧਿਆਪਕਾਂ ਦੀ ਨਾਂ ਚਮਕਾਇਆ ਹੈ। ਐੱਸਡੀਐੱਮ ਨੇ ਕਿਹਾ ਕਿ ਪਿੰਡ ਕਾਲਬੰਜਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪੰਜਵੀਂ ਸ਼੍ਰੇਣੀ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਜਸ਼ਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ, ਮਾਤਾ ਕਮਲੇਸ਼ ਕੌਰ ਦੇ ਹੌਸਲੇ ਨੂੰ ਸਲਾਮ ਕਰਨੀ ਬਣਦੀ ਹੈ। ਐੱਸਡੀਐੱਮ ਨੇ ਵਿਦਿਆਰਥੀ ਦੇ ਹੌਸਲੇ ਤੋਂ ਪ੍ਰਭਾਵਿਤ ਹੁੰਦੇ ਹੋਏ ਉਨ੍ਹਾਂ ‘ਸਰਬੱਤ ਦੇ ਭਲਾ’ ਟਰੱਸਟ ਨਾਲ ਤੁਰੰਤ ਗੱਲ ਕਰ ਕੇ ਵਿਦਿਆਰਥੀ ਦੀ ਪੜ੍ਹਾਈ ਦਾ ਖਰਚਾ ਚੁੱਕਣ ਦੀ ਸਿਫ਼ਾਰਿਸ਼ ਕੀਤੀ।
ਐੱਸਡੀਐੱਮ ਨੇ ਕਿਹਾ ਕਿ ਬੱਚੇ ਦੇ ਮਾਪਿਆਂ ਦੀ ਮੰਗ ’ਤੇ ਜਸ਼ਨਦੀਪ ਦਾ ਇਲਾਜ ਕਰਵਾਉਣ ਬਾਰੇ ਪੂਰੀ ਰਿਪੋਰਟ ਤਿਆਰ ਕਰ ਕੇ ਡਿਪਟੀ ਕਮਿਸ਼ਨਰ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਉਸ ਦਾ ਇਲਾਜ ਕਰਵਾਇਆ ਜਾ ਸਕੇ। ਐਸਡੀਐਮ ਨੇ ਕਿਹਾ ਕਿ ਪ੍ਰਸ਼ਾਸਨ ਅਜਿਹੇ ਦਿਵਿਆਂਗ ਵਿਦਿਆਰਥੀ ਦਾ ਵੱਡਾ ਹੋ ਕੇ ਜੱਜ ਬਣਨ ਦਾ ਸੁਫ਼ਨਾ ਪੂਰਾ ਕਰਨ ’ਚ ਮਦਦ ਕਰਨ ਅਤੇ ਝੁੱਗੀ-ਝੋਪੜੀਆਂ ’ਚ ਰਹਿੰਦੇ ਅਜਿਹੇ ਬੱਚਿਆਂ ਦੀ ਪੜ੍ਹਾਈ ਕਰਵਾਉਣ ਲਈ ਵਚਨਬੱਧ ਹੈ।