ਬੀਰਬਲ ਰਿਸ਼ੀ
ਸ਼ੇਰਪੁਰ, 8 ਜੁਲਾਈ
ਪਿੰਡ ਜਹਾਂਗੀਰ ਦੇ ਜ਼ਮੀਨੀ ਵਿਵਾਦ ਸਬੰਧੀ ਖੇਤ ਵਿੱਚ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਲਗਾਇਆ ਗਿਆ ਧਰਨਾ ਅੱਜ ਦੂਜੇ ਵਰ੍ਹਦੇ ਮੀਂਹ ਵਿੱਚ ਜਾਰੀ ਰਿਹਾ। ਜਥੇਬੰਦੀ ਦੇ ਕਾਰਕੁਨਾਂ ਵੱਲੋਂ ਵਿਵਾਦਤ ਜਗ੍ਹਾ ’ਤੇ ਬੀਜਿਆ ਮੱਕੀ ਤੇ ਬਾਜਰਾ ਵੱਢ ਕੇ ਟਰਾਲੀ ਰਾਹੀਂ ਮਜ਼ਦੂਰਾਂ ਨੂੰ ਚੁਕਵਾਉਣ ਦਾ ਕੰਮ ਮੌਕੇ ’ਤੇ ਪੁੱਜੀ ਪੁਲੀਸ ਨੇ ਅੱਧ ਵਿਚਕਾਰ ਰੁਕਵਾ ਦਿੱਤਾ।
ਜਾਣਕਾਰੀ ਅਨੁਸਾਰ ਬੀਕੇਯੂ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਅੱਜ ਵਿਵਾਦਤ ਜ਼ਮੀਨ ’ਚ ਟੈਂਟ ਲਗਾਉਣ ਲਈ ਮੱਕੀ ਤੇ ਬਾਜਰਾ ਵੱਢ ਕੇ ਮਜ਼ਦੂਰਾਂ ਨੂੰ ਟਰਾਲੀਆਂ ਨਾਲ ਚੁਕਵਾਉਣਾ ਸ਼ੁਰੂ ਕਰ ਦਿੱਤਾ ਤਾਂ ਪੁਲੀਸ ਨੇ ਅਜਿਹਾ ਕਰਨ ਤੋਂ ਰੋਕਿਆ। ਜਥੇਬੰਦੀ ਦੇ ਜ਼ਿਲ੍ਹਾ ਆਗੂ ਮਨਜੀਤ ਸਿੰਘ ਜਹਾਂਗੀਰ ਅਤੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਨੇ ਦੱਸਿਆ ਕਿ ਕੱਲ੍ਹ ਉਹ ਵਿਵਾਦਤ ਜਗ੍ਹਾ ਨਾਲ ਲਗਦੀ ਥਾਂ ਵਿੱਚ ਬੈਠੇ ਸਨ। ਅੱਜ ਉਨ੍ਹਾਂ ਟੈਂਟ ਲਗਾ ਕੇ ਕਾਰਕੁੰਨਾਂ ਦੇ ਬੈਠਣ ਲਈ ਜਗ੍ਹਾ ਤਬਦੀਲ ਕਰ ਦਿੱਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਲਵਾਰਾ ਸਿੰਘ ਛਾਜਲਾ ਅਤੇ ਜਨਕ ਭੁਟਾਲ ਨੇ ਪਹੁੰਚ ਕੇ ਵਰਕਰਾਂ ਦਾ ਹੌਸਲਾ ਵਧਾਇਆ ਅਤੇ ਜ਼ਾਬਤੇ ਵਿੱਚ ਰਹਿ ਕੇ ਸੰਘਰਸ਼ ਜਾਰੀ ਰੱਖਣ ਲਈ ਕਿਹਾ।
ਸਾਬਕਾ ਸਰਪੰਚ ਗੁਰਚਰਨ ਸਿੰਘ ਜਹਾਂਗੀਰ ਨੇ ਦੱਸਿਆ ਕਿ ਉਨ੍ਹਾਂ ਦੀ ਹਮਾਇਤ ਵਿੱਚ ਬੀਕੇਯੂ ਡਕੌਂਦਾ ਬੁਰਜਗਿੱਲ ਦੇ ਆਗੂਆਂ ਨੇ ਉਗਰਾਹਾਂ ਧਿਰ ਦੀ ਤਾਜ਼ਾ ਕਾਰਵਾਈ ’ਤੇ ਪ੍ਰਸ਼ਾਸਨ ਨੂੰ ਦੋ ਦਿਨ ਦੇ ਕੇ ਆਪਣਾ ਤਿੱਖਾ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ।
ਮਸਲੇ ਦੇ ਹੱਲ ਦੀਆਂ ਕੋਸ਼ਿਸ਼ਾਂ ਜਾਰੀ: ਪੁਲੀਸ
ਐੱਸਐੱਚਓ ਸਦਰ ਜਗਦੀਪ ਸਿੰਘ ਨੇ ਦੱਸਿਆ ਕਿ ਮਸਲੇ ਦੇ ਹੱਲ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਮੱਕੀ ਬਾਜਰਾ ਵੱਢਣ ਸਬੰਧੀ ਦੂਜੀ ਧਿਰ ਦੀ ਕੋਈ ਸ਼ਿਕਾਇਤ ਨਹੀਂ ਆਈ।