ਪੱਤਰ ਪ੍ਰੇਰਕ
ਸੰਗਰੂਰ, 16 ਨਵੰਬਰ
ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਕਾਰਜਕਾਰਨੀ ਦੀ ਇਕੱਤਰਤਾ ਸਿਟੀ ਪਾਰਕ ਸੰਗਰੂਰ ਵਿਖੇ ਸਭਾ ਦੇ ਪ੍ਰਧਾਨ ਕਰਮ ਸਿੰਘ ਜਖ਼ਮੀ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ 22 ਨਵੰਬਰ ਨੂੰ ਹੋਣ ਵਾਲੇ ਸਭਾ ਦੇ 6ਵੇਂ ਸਾਲਾਨਾ ਸਮਾਗਮ ਸਬੰਧੀ ਰੂਪ ਰੇਖਾ ਤਿਆਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਦਾ ਸਾਲਾਨਾ ਸਮਾਗਮ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਹੋਵੇਗਾ ਅਤੇ ਇਹ ਸਮਾਗਮ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿਖੇ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਸਾਹਿਤਕਾਰ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਕਰਨਗੇ। ਲੋਕ ਸਾਹਿਤ ਮੰਚ ਲੁਧਿਆਣਾ ਦੇ ਪ੍ਰਧਾਨ ਮਿੱਤਰ ਸੈਨ ਮੀਤ ਸਮਾਗਮ ਦੌਰਾਨ ਮੁੱਖ ਮਹਿਮਾਨ ਅਤੇ ਸੰਤ ਰਾਮ ਉਦਾਸੀ ਦੀ ਪੁੱਤਰੀ ਇਕਬਾਲ ਕੌਰ ਉਦਾਸੀ ਵਿਸ਼ੇਸ਼ ਮਹਿਮਾਨ ਵਜੋ ਸ਼ਾਮਲ ਹੋਣਗੇ। ਸਭਾ ਵੱਲੋਂ ਦਿੱਤਾ ਜਾਣ ਵਾਲਾ ਡਾ: ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਡਾ: ਸੁਰਜੀਤ ਬਰਾੜ ਨੂੰ, ਗੁਰਮੇਲ ਮਡਾਹੜ ਗਲਪ ਪੁਰਸਕਾਰ ਅਤਰਜੀਤ ਕਹਾਣੀਕਾਰ ਨੂੰ ਅਤੇ ਮਹਿੰਦਰ ਮਾਨਵ ਗ਼ਜ਼ਲ ਪੁਰਸਕਾਰ ਪਾਲੀ ਖ਼ਾਦਿਮ ਨੂੰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਬੋਤਲਾਂ ਵਿਚ ਕਵਿਤਾਵਾਂ ਲਿਖਣ ਵਾਲੇ ਵਿਸ਼ਵ ਦੇ ਪਹਿਲੇ ਕਵੀ ਸੁਖਵਿੰਦਰ ਸਿੰਘ ਲੋਟੇ ਨੂੰ ਇਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਹਰਭਜਨ ਨੀਰ ਯਾਦਗਾਰੀ ਪੁਰਸਕਾਰ ਭੋਲਾ ਸਿੰਘ ਸੰਘੇੜਾ ਨੂੰ ਦਿੱਤਾ ਜਾਵੇਗਾ।
ਇਸ ਮੌਕੇ ਕਾਰਜਕਾਰਨੀ ਮੈਂਬਰਾਂ ਰਾਹੀਂ ਕਰਮ ਸਿੰਘ ਜਖ਼ਮੀ ਵੱਲੋਂ ਸੰਪਾਦਿਤ ‘ਚੋਣਵੇਂ ਪੰਜਾਬੀ ਸ਼ਿਅਰ’ ਵੀ ਲੋਕ ਅਰਪਣ ਕੀਤੀ ਗਈ, ਜਿਸ ਵਿਚ ਉਨ੍ਹਾਂ ਵੱਲੋਂ ਪੰਜਾਬੀ ਦੇ 352 ਕਵੀਆਂ ਦੇ ਸ਼ਿਅਰ ਸ਼ਾਮਲ ਕੀਤੇ ਗਏ ਹਨ।