ਹਰਜੀਤ ਸਿੰਘ
ਖਨੌਰੀ, 6 ਸਤੰਬਰ
ਬੇਸ਼ੱਕ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਸਥਾਨਕ ਸ਼ਹਿਰ ਅੰਦਰ ਵੱਡੇ ਪੱਧਰ ਤੇ ਸ਼ਰ੍ਹੇਆਮ ਚਲਦੀਆਂ ਦੜੇ ਸੱਟੇ ਦੀਆਂ ਦੁਕਾਨਾਂ ਸਰਕਾਰ ਦੇ ਇਨ੍ਹਾਂ ਦਾਅਵਿਆਂ ’ਤੇ ਸਵਾਲੀਆਂ ਨਿਸ਼ਾਨ ਲਗਾ ਰਹੀਆਂ ਹਨ।
ਸ਼ਹਿਰ ਵਿੱਚ ਚੱਲ ਰਹੀ ਚਰਚਾ ਅਨੁਸਾਰ ਜਦੋਂ ਇਸ ਸਬੰਧੀ ਪੜਤਾਲ ਕੀਤੀ ਗਈ ਤਾਂ ਇਕ ਵਿਅਕਤੀ ਸ਼ਰ੍ਹੇਆਮ ਦੁਕਾਨ ਖੋਲ੍ਹ ਕੇ ਸੱਟੇ ਦੇ ਨੰਬਰ ਲਿਖ ਰਿਹਾ ਸੀ ਅਤੇ ਵੀਡੀਓ ਬਣਦੀ ਦੇਖ ਮੌਕੇ ਤੋਂ ਖਿਸਕ ਗਿਆ।
ਇਹ ਤਾਂ ਇਕ ਦੁਕਾਨ ਦਾ ਸੱਚ ਹੈ ਖਨੌਰੀ ਅੰਦਰ ਇਸ ਤਰ੍ਹਾਂ ਦੀਆਂ ਕਿੰਨੀਆਂ ਕਥਿਤ ਦੁਕਾਨਾਂ ਚੱਲ ਰਹੀਆਂ ਹਨ ਜਿੱਥੇ ਗ਼ਰੀਬ ਅਤੇ ਮਜ਼ਦੂਰ ਲੋਕਾਂ ਨੂੰ ਵੱਧ ਪੈਸੇ ਮਿਲਣ ਦਾ ਲਾਲਚ ਦੇ ਕੇ ਲੁੱਟ ਲਿਆ ਜਾਂਦਾ ਹੈ ਅਤੇ ਇਸ ਵਰਗ ਨਾਲ ਸਬੰਧ ਰੱਖਣ ਵਾਲੇ ਤਬਕੇ ਦੀ ਨੌਜਵਾਨ ਪੀੜੀ ਇਕ ਦਮ ਅਮੀਰ ਹੋਣ ਦੇ ਚੱਕਰ ਵਿੱਚ ਇਨ੍ਹਾਂ ਸੱਟੇਬਾਜ਼ਾਂ ਕੋਲ ਫਸ ਜਾਂਦੀ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਖਨੌਰੀ ਪੁਲੀਸ ਵੱਲੋਂ ਭਾਵੇਂ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਕ ਵਿਅਕਤੀ ਤੇ ਕੇਸ ਦਰਜ ਕੀਤਾ ਗਿਆ ਹੈ ਪਰ ਦੱਸਣ ਅਨੁਸਾਰ ਉਹ ਦੁਕਾਨ ’ਤੇ ਕੰਮ ਕਰਨ ਵਾਲਾ ਕੋਈ ਕਰਿੰਦਾ ਹੈ ਜਿਸ ਦਾ ਮਾਲਕ ਉੱਚ ਸਿਆਸੀ ਪਹੁੰਚ ਵਾਲਾ ਕੋਈ ਵਿਅਕਤੀ ਹੋਣ ਦੀ ਚਰਚਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਵੇਂ ਖਨੌਰੀ ਪੁਲੀਸ ਦੜੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ’ਤੇ ਪਰਚਾ ਦਰਜ ਕਰ ਲੈਂਦੀ ਹੈ ਪਰ ਉਨ੍ਹਾਂ ਦਾ ਕੰਮ ਬੰਦ ਕਰਵਾਉਣ ਵਿੱਚ ਨਾਕਾਮ ਰਹਿੰਦੀ ਹੈ।
ਕੀ ਕਹਿੰਦੇ ਨੇ ਥਾਣਾ ਖਨੌਰੀ ਦੇ ਮੁਖੀ
ਇਸ ਸਬੰਧੀ ਐਸਐਚਓ ਖਨੌਰੀ ਹਾਕਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਰੂਚਿਰ ਗੁਪਤਾ ਪੁੱਤਰ ਰਾਕੇਸ਼ ਗੁਪਤਾ ਵਾਸੀ ਵਾਰਡ ਨੰਬਰ 13 ਖਨੌਰੀ ਵਿਰੁੱਧ ਕੇਸ ਦਰਜ ਕਰਕੇ 4120 ਰੁਪਏ ਬਰਾਮਦ ਕੀਤੇ ਹਨ। ਇਸ ਤਰ੍ਹਾਂ ਦੀਆਂ ਹੋਰ ਦੁਕਾਨਾਂ ਚਲਦੀਆਂ ਹੋਣ ਤੋਂ ਅਗਿਆਨਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਅਜਿਹੀ ਕੋਈ ਦੁਕਾਨ ਨਹੀਂ ਚੱਲ ਰਹੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ ਅਗਰ ਕੋਈ ਹੋਰ ਮਿਲਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।