ਸ਼ਹਬਿਾਜ਼ ਸਿੰਘ
ਘੱਗਾ, 3 ਜਨਵਰੀ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਘੱਗਾ ਵਿੱਚ ਮੀਟਿੰਗ ਕਰਨ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਰਾਕੇਸ਼ ਖੇਰ ਨੂੰ ਘੇਰ ਕੇ ਬਿਠਾ ਲਿਆ। ਕਿਸਾਨ ਆਗੂਆਂ ਨੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਹੋਣ ਮਗਰੋਂ ਭਾਜਪਾ ਆਗੂਆਂ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਇਆ।
ਭਾਜਪਾ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਦੇ ਘਰ ਭਾਜਪਾ ਦੇ ਕੌਮੀ ਆਗੂ ਰਾਕੇਸ਼ ਖੇਰ ਅਤੇ ਜ਼ਿਲ੍ਹਾ ਆਗੂ ਸ੍ਰੀਮਤੀ ਸ਼ਿਵਾਨੀ ਮੀਟਿੰਗ ਕਰਨ ਲਈ ਬੈਠੇ ਸਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕੱਠੇ ਹੋਏ ਵਰਕਰਾਂ ਤੇ ਆਗੂਆਂ ਨੇ ਇਨ੍ਹਾਂ ਦੀ ਘੇਰਾਬੰਦੀ ਕਰਕੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੇ ਹਰ ਆਗੂ ਦਾ ਪਿੰਡਾਂ ’ਚ ਭਾਰੀ ਵਿਰੋਧ ਕੀਤਾ ਜਾਵੇਗਾ। ਭਾਜਪਾ ਆਗੂਆਂ ਨੂੰ ਪਿੰਡਾਂ ’ਚ ਨਾ ਵੜਨ ਸਬੰਧੀ ਲਾਏ ਬੋਰਡ ਦੇ ਬਾਵਜੂਦ ਕੁਝ ਆਗੂ ਮੀਟਿੰਗਾਂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜਦੋਂ ਤੱਕ ਭਾਜਪਾ ਆਗੂ ਪਿੰਡਾਂ ਵਿੱਚ ਨਾ ਆਉਣ ਦਾ ਵਿਸ਼ਵਾਸ ਨਹੀਂ ਦਿਵਾਉਂਦੇ ਅਤੇ ਅੱਜ ਦੀ ਕੀਤੀ ਮੀਟਿੰਗ ਲਈ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਘਿਰਾਓ ਜਾਰੀ ਰਹੇਗਾ। ਮੁਆਫ਼ੀ ਮੰਗਣ ਨੂੰ ਲੈ ਕੇ ਕਿਸਾਨ ਆਗੂਆਂ ਤੇ ਭਾਜਪਾ ਆਗੂਆਂ ’ਚ ਲੰਮਾ ਸਮਾਂ ਤਕਰਾਰਬਾਜ਼ੀ ਚੱਲਦੀ ਰਹੀ। ਸੂਚਨਾ ਮਿਲਦੇ ਸਾਰ ਥਾਣਾ ਘੱਗਾ ਮੁਖੀ ਇੰਸਪੈਕਟਰ ਅਜੇ ਕੁਮਾਰ ਨੇ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਸਥਿਤੀ ਕਾਬੂ ’ਚ ਕੀਤੀ ਪਰ ਭਾਜਪਾ ਆਗੂ ਰਾਕੇਸ਼ ਖੇਰ ਵੱਲੋਂ ਮਾਅਫ਼ੀ ਮੰਗਣ ਤੋਂ ਇਨਕਾਰ ਕਰਨ ’ਤੇ ਭੜਕੇ ਕਿਸਾਨਾਂ ਨੇ ਫੇਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਐੱਸਐੱਚਓ ਅਜੈ ਕੁਮਾਰ ਨੇ ਮੌਕੇ ਦੀ ਨਜ਼ਾਕਤ ਦੇਖਦਿਆਂ ਭਾਜਪਾ ਆਗੂਆਂ ਨੂੰ ਸਮਝਾਇਆ। ਮਾਹੌਲ ਖ਼ਰਾਬ ਹੁੰਦਾ ਦੇਖ ਰਾਕੇਸ਼ ਖੇਰ ਨੇ ਕਿਹਾ ਕਿ ਅਸਲ ’ਚ ਉਨ੍ਹਾਂ ਨੂੰ ਪੰਜਾਬ ’ਚ ਭਾਜਪਾ ਦੀ ਵਿਰੋਧਤਾ ਦਾ ਪਤਾ ਨਹੀਂ ਸੀ ਜੇ ਉਨ੍ਹਾਂ ਦੇ ਆਉਣ ਨਾਲ ਕਿਸਾਨਾਂ ਦੇ ਮਨ ਨੂੰ ਕਿਸੇ ਪ੍ਰਕਾਰ ਦੀ ਠੇਸ ਪੁੱਜੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।
ਇਸ ਦੌਰਾਨ ਕਿਸਾਨ ਆਗੂ ਅਮਰੀਕ ਸਿੰਘ ਨੇ ਕਿਹਾ ਕਿ ਕਿਸੇ ਦੇ ਘਰ ਕੋਈ ਵੀ ਆ ਸਕਦਾ ਹੈ ਪਰ ਜੇ ਕੋਈ ਆਗੂ ਭਾਜਪਾ ਦਾ ਪ੍ਰਚਾਰ ਜਾਂ ਮੀਟਿੰਗਾਂ ਕਰੇ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।
ਭਾਕਿਯੂ ਉਗਰਾਹਾਂ ਦਾ ਟੌਲ ਪਲਾਜ਼ਾ ’ਤੇ ਧਰਨਾ ਜਾਰੀ
ਧੂਰੀ (ਨਿੱਜੀ ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਦੇ ਆਗੂ ਜਸਪਾਲ ਸਿੰਘ ਪੇਧਨੀਕਲਾਂ ਦੀ ਅਗਵਾਈ ਹੇਠ ਅੱਜ ਮੋਰਚਾ 452ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਦੇ ਧਰਨੇ ਵਿੱਚ ਸੈਂਕੜੇ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ ਤੇ ਗੀਤਕਾਰ, ਕਵੀਸ਼ਰ ਤੇ ਬੁਲਾਰਿਆਂ ਨੇ ਧਰਨੇ ਵਿੱਚ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਡੀ.ਸੀ. ਦਫ਼ਤਰ ਵਿੱਚ ਜੋ ਧਰਨਾ ਚੱਲ ਰਿਹਾ ਹੈ ਅੱਜ ਉਸਨੂੰ 13 ਦਿਨ ਹੋ ਚੁੱਕੇ ਹਨ, ਜਿਸ ਵਿੱਚ ਕਈ ਵਾਰ ਜ਼ਿਲ੍ਹੇ ਦੇ ਡੀ.ਸੀ. ਨਾਲ਼ ਮੀਟਿੰਗ ਕੀਤੀ ਗਈ ਪਰ ਕੋਈ ਸਿੱਟਾ ਨਹੀਂ ਨਿਕਲਿਆ ਤੇ ਸਰਕਾਰ ਨਾਲ 2 ਵਾਰ ਮੀਟਿੰਗ ਹੋ ਚੁੱਕੀ ਹੈ, ਉਹ ਵੀ ਬੇਸਿੱਟਾ ਰਹੀ ਹੈ।