ਨਿੱਜੀ ਪੱਤਰ ਪ੍ਰੇਰਕ
ਨਾਭਾ, 22 ਅਗਸਤ
ਇੱਥੋਂ ਦੇ ਰਾਮਲੀਲਾ ਮੈਦਾਨ ਵਿੱਚ ਅੱਜ ਇੱਕ 30 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਲਾਸ਼ ਦੀ ਗਰਦਨ ਉੱਪਰ ਤੇਜ਼ਧਾਰ ਹਥਿਆਰ ਦੇ ਜ਼ਖਮ ਵੀ ਸਨ। ਮ੍ਰਿਤਕ ਦੀ ਪਛਾਣ ਓਂਕਾਰ ਸਿੰਘ ਵਜੋਂ ਹੋਈ ਹੈ ਜੋ ਮੁਹੱਲਾ ਪਾਂਡੂਸਰ ਦਾ ਨਿਵਾਸੀ ਸੀ। ਇਸ ਦੌਰਾਨ ਰਾਤ ਸਮੇਂ ਜਦੋਂ ਓਂਕਾਰ ਘਰ ਨਾ ਪਹੁੰਚਿਆ ਤਾਂ ਉਸਦੀ ਭਾਲ ਕਰਨ ਦੌਰਾਨ ਅੱਧੀ ਰਾਤ ਪਿੱਛੋਂ ਉਸਦੀ ਲਾਸ਼ ਮਿਲੀ। ਨਾਭਾ ਦੇ ਡੀਐੱਸਪੀ ਦੇਵਿੰਦਰ ਅੱਤਰੀ ਨੇ ਦੱਸਿਆ ਕਿ ਕਤਲ ਦਾ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੁਲਜ਼ਮ ਜਲਦੀ ਹੀ ਪੁਲੀਸ ਦੀ ਗ੍ਰਿਫ਼ਤ ’ਚ ਹੋਣਗੇ।
ਪੁਲੀਸ ਨੇ ਦੱਸਿਆ ਕਿ ਇਹ ਨੌਜਵਾਨ ਵੀ ਨਸ਼ਿਆਂ ਦੇ ਮਾਮਲੇ ’ਚ ਕੁਝ ਸਮਾਂ ਜੇਲ੍ਹ ’ਚ ਬਿਤਾ ਚੁੱਕਾ ਹੈ ਤੇ ਇਸ ਤੋਂ ਇਲਾਵਾ ਉਸ ਖਿਲਾਫ਼ ਲੁੱਟ-ਖੋਹ ਦਾ ਵੀ ਮਾਮਲਾ ਦਰਜ ਹੈ। ਪੁਲੀਸ ਨੂੰ ਇਸ ਕੰਮ ਪਿੱਛੇ ਉਸਦੇ ਕਿਸੇ ਸਾਥੀ ਦਾ ਹੱਥ ਹੋਣ ਦਾ ਸ਼ੱਕ ਹੈ।
ਰਜਵਾਹੇ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਲਹਿਰਾਗਾਗਾ: ਪਿੰਡ ਚੂੜਲ ਕਲਾਂ ਦੇ ਖੇਤਾਂ ਵਿੱਚੋਂ ਲੰਘਦੇ ਲਾਡਬੰਜਾਰਾ ਰਜਵਾਹੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਉਮਰ ਕਰੀਬ 50 ਕੁ ਸਾਲ ਜਾਪਦੀ ਹੈ। ਜੇਲ੍ਹ ਪੋਸਟ ਚੌਕੀ ਚੋਟੀਆਂ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਕਰਮਚਾਰੀ ਜਦੋਂ ਰਜਵਾਹੇ ਉੱਪਰੋਂ ਲੰਘ ਰਹੇ ਸਨ ਤਾਂ ਉਨ੍ਹਾਂ ਇੱਕ ਲਾਸ਼ ਦੇਖੀ ਤੇ ਪੁਲੀਸ ਨੂੁੰ ਜਾਣਕਾਰੀ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਰਜਵਾਹੇ ਵਿੱਚੋਂ ਬਾਹਰ ਕੱਢ ਕੇ ਸ਼ਨਾਖਤ ਲਈ 72 ਘੰਟਿਆਂ ਤੱਕ ਸਿਵਲ ਹਸਪਤਾਲ ਮੂਨਕ ਵਿੱਚ ਰਖਵਾ ਦਿੱਤੀ ਹੈ। ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਈ ਲਾਸ਼ 72 ਘੰਟਿਆਂ ਲਈ ਹਸਪਤਾਲ ’ਚ ਰੱਖੀ ਜਾਵੇਗੀ। – ਪੱਤਰ ਪ੍ਰੇਰਕ