ਪੱਤਰ ਪੇ੍ਰਕ
ਭਵਾਨੀਗੜ੍ਹ, 13 ਸਤੰਬਰ
ਰੁਜ਼ਗਾਰ ਲਈ ਮਲੇਸ਼ੀਆ ਗਏ ਨੇੜਲੇ ਪਿੰਡ ਕਾਲਾਝਾੜ ਦੇ ਨੌਜਵਾਨ ਕੇਵਲ ਸਿੰਘ (35) ਦੀ ਮ੍ਰਿਤਕ ਦੇਹ ਦੇਰ ਰਾਤ ਪਿੰਡ ਪਹੁੰਚੀ ਅਤੇ ਅੱਜ ਸਵੇਰੇ ਬਹੁਤ ਹੀ ਗਮਗੀਨ ਮਾਹੌਲ ਵਿੱਚ ਉਸ ਦਾ ਸਸਕਾਰ ਕੀਤਾ ਗਿਆ। ਇਸ ਸਬੰਧੀ ਪਿੰਡ ਦੇ ਸਰਪੰਚ ਹਿੰਮਤ ਸਿੰਘ ਨੇ ਦੱਸਿਆ ਕਿ ਨੌਜਵਾਨ ਕੇਵਲ ਸਿੰਘ ਦਸ ਕੁ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ ਜਿੱਥੇ ਉਸ ਦੀ ਸਿਹਤ ਢਿੱਲੀ ਹੋ ਜਾਣ ਕਾਰਣ ਕਾਫੀ ਦਿਨ ਪਹਿਲਾਂ ਮੌਤ ਹੋ ਗਈ ਸੀ। ‘ਆਪ’ ਆਗੂ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਪਰਿਵਾਰ ਵੱਲੋਂ ਜਾਣਕਾਰੀ ਦੇਣ ’ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮਲੇਸ਼ੀਆ ਸਰਕਾਰ ਨਾਲ ਸੰਪਰਕ ਕਰਕੇ ਕੇਵਲ ਸਿੰਘ ਦੀ ਮ੍ਰਿਤਕ ਦੇਹ ਭਾਰਤ ਮੰਗਵਾਈ ਹੈ।