ਪੱਤਰ ਪ੍ਰੇਰਕ
ਸੂਲਰ ਘਰਾਟ, 7 ਜੁਲਾਈ
ਸੂਲਰ ਘਰਾਟ ਨਹਿਰ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ। ਜਾਣਕਾਰੀ ਅਨੁਸਾਰ ਬਾਲਦ ਕਲਾਂ ਦੇ ਨੌਜਵਾਨ ਪਰਵਿੰਦਰ ਸਿੰਘ (26) ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਜਿਸ ਦੀ ਲਾਸ਼ ਅੱਜ ਸੂਲਰ ਘਰਾਟ ਦੇ ਨੇੜੇ ਨਹਿਰ ਵਿੱਚ ਤੈਰਦੀ ਹੋਈ ਮਿਲੀ। ਮ੍ਰਿਤਕ ਦੇ ਤਾਇਆ ਰਾਮਪਾਲ ਸਿੰਘ ਤੇ ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ ਜਿਸ ਦੀ 4 ਜੁਲਾਈ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਭਵਾਨੀਗੜ੍ਹ ਵਿੱਚ ਦਰਜ਼ ਕਰਵਾਈ ਗਈ ਸੀ। ਮ੍ਰਿਤਕ ਪੀਆਰਟੀਸੀ ਵਿੱਚ ਬਤੌਰ ਕੰਡਕਟਰ ਕੰਮ ਕਰਦਾ ਸੀ। ਮੌਕੇ ’ਤੇ ਮੌਜੂਦ ਥਾਣਾ ਦਿੜ੍ਹਬਾ ਦੇ ਏਐੱਸਆਈ ਬਿੱਕਰ ਨੇ ਦੱਸਿਆ ਕਿ ਥਾਣਾ ਭਵਾਨੀਗੜ੍ਹ ਵਿੱਚ ਰਿਪੋਰਟ ਦਰਜ ਹੈ। ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਸਬ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ’ਚ ਭੇਜਿਆ ਗਿਆ ਹੈ।