ਪੱਤਰ ਪ੍ਰੇਰਕ
ਭਵਾਨੀਗੜ੍ਹ, 14 ਜੁਲਾਈ
ਮੋਟਰਸਾਈਕਲ ਸਮੇਤ ਸਰਹਿੰਦ ਨਹਿਰ ਵਿੱਚ ਡਿੱਗੇ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਹੈ। ਜਾਣਕਾਰੀ ਮੁਤਾਬਕ ਪਿੰਡ ਹਰਦਿੱਤਪੁਰੇ ਵੱਲ ਨੂੰ ਜਾ ਰਹੇ ਨੌਜਵਾਨ ਮਜ਼ਦੂਰ ਗੁਰਤੇਜ ਸਿੰਘ ਤੇਜੀ ਦੋ ਦਿਨ ਪਹਿਲਾਂ ਮੋਟਰਸਾਈਕਲ ਦਾ ਟਾਇਰ ਤਿਲਕਣ ਕਾਰਨ ਸਰਹਿੰਦ ਨਹਿਰ ਵਿੱਚ ਡਿੱਗ ਗਿਆ ਸੀ। ਪਿੰਡ ਥੰਮਣ ਸਿੰਘ ਵਾਲਾ ਦੇ ਸਰਪੰਚ ਭਗਵੰਤ ਸਿੰਘ ਸੇਖੋਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮੋਟਰਸਾਈਕਲ ਘਟਨਾ ਸਥਾਨ ਤੋਂ ਹੀ ਨਹਿਰ ਵਿੱਚੋਂ ਕੱਢ ਲਿਆ ਸੀ ਪਰ ਗੁਰਤੇਜ ਸਿੰਘ ਤੇਜੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ ਸੀ। ਉਸਦੀ ਲਾਸ਼ ਦੋ ਦਿਨਾਂ ਬਾਅਦ ਬਿਜਲਪੁਰ ਨੇੜਿਓਂ ਮਿਲੀ ਹੈ। ਪੁਲੀਸ ਵੱਲੋਂ ਧਾਰਾ-174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰਨ ਉਪਰੰਤ ਉਸ ਦਾ ਸਸਕਾਰ ਕੀਤਾ ਗਿਆ।