ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 11 ਜਨਵਰੀ
ਸਾਹਿਤਕ ਮਿੱਤਰ ਮੰਡਲ ਮਾਲੇਰਕੋਟਲਾ ਵੱਲੋਂ ਕਰਵਾਏ ਸਾਦੇ ਸਮਾਗਮ ‘ਚ ਡਾ. ਰਾਕੇਸ਼ ਸ਼ਰਮਾ (ਸਵਾਮੀ ਆਨੰਦ ਗਣਤਵ) ਦੀ ਦੂਜੀ ਪੁਸਤਕ ‘ਅਧਿਆਤਮਕ ਬੌਧਿਕ ਮੰਥਨ’ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਬਲਵੀਰ ਸਿੰਘ ਸਿੱਧੂ, ਪ੍ਰਧਾਨ ਜਰਨਲਿਸਟ ਐਸੋਸੀਏਸ਼ਨ ਪੰਜਾਬ ਤੇ ਪ੍ਰਧਾਨਗੀ ਮੰਡਲ ‘ਚ ਡਾ. ਧਰਮ ਚੰਦ ਬਾਤਿਸ਼, ਪ੍ਰੋ. ਡੀ.ਡੀ. ਭੱਟੀ, ਇੰਦਰਜੀਤ ਸਿੰਘ ਮੁੰਡੇ ਅਤੇ ਵਿਸ਼ਾਲ ਅਗਰਵਾਲ ਸੁਸ਼ੋਭਿਤ ਸਨ। ਸਮਾਗਮ ਦੇ ਸ਼ੁਰੂ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਦੀ ਧਰਮ ਪਤਨੀ ਦੇ ਅਕਾਲ ਚਲਾਣੇ ‘ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਦਿਲਸ਼ਾਦ ਜਮਾਲਪੁਰੀ ਨੇ ਧਾਰਮਿਕ ਗੀਤ ਓਮ ਅੱਲ੍ਹਾ ਹੂ, ਸਤਿਨਾਮ ਵਾਹਿਗੁਰੂ, ਮਹਿੰਦਰ ਦੀਪ ਨੇ ਤੇਰੇ ਨਾਮ ਪੇ ਮਿਟਾ ਦੂੰ, ਅਸ਼ੋਕ ਦੀਪਕ ਨੇ ਕੁਝ ਨਾ ਕੁਝ ਤਾਂ ਕਰਨਾ ਚੰਗਾ ਤੋਂ ਇਲਾਵਾ ਸ਼ਾਇਰ ਮਦਨ ਮਦਹੋਸ਼ ਅਤੇ ਨਿਰਮਲ ਸਿੰਘ ਫਲੌਂਡ ਨੇ ਰਚਨਾਵਾਂ ਪੇਸ਼ ਕੀਤੀਆਂ।
ਪੁਸਤਕ ‘ਕਲੀਆਂ ਸਾਰੋਂ ਵਾਲੇ ਦੀਆਂ’ ਲੋਕ ਅਰਪਣ
ਧੂਰੀ (ਨਿੱਜੀ ਪੱਤਰ ਪ੍ਰੇਰਕ): ਵੈਦ ਬੰਤ ਸਿੰਘ ਸਾਰੋਂ ਵਾਲੇ ਦੀ ਪਹਿਲੀ ਪੁਸਤਕ ‘ਕਲੀਆਂ ਸਾਰੋਂਵਾਲੇ ਦੀਆਂ’ ਰਤਨਾ ਰਿਜ਼ੌਰਟ ਧੂਰੀ ਵਿੱਚ ਸਾਹਿਤ ਸਭਾ ਧੂਰੀ ਅਤੇ ਸਾਰੋਂ ਪਰਿਵਾਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਲੋਕ ਅਰਪਣ ਕੀਤੀ ਗਈ। ਇਸ ਦੇ ਨਾਲ ਹੀ ਗੋਸ਼ਟੀ ਅਤੇ ਕਵੀ ਦਰਬਾਰ ਵੀ ਕਰਵਾਇਆ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਦਫਤਰ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਪ੍ਰਿੰਸੀਪਲ ਕ੍ਰਿਪਾਲ ਸਿੰਘ ਜਵੰਧਾ, ਵੈਦ ਬੰਤ ਸਿੰਘ ਸਾਰੋਂ ਅਤੇ ਦਲਜੀਤ ਸਿੰਘ ਸਾਰੋਂ ਨੇ ਕੀਤੀ। ਇਸ ਉਪਰੰਤ ਪ੍ਰਧਾਨਗੀ ਮੰਡਲ ਅਤੇ ਸਭਾ ਦੇ ਮੈਂਬਰਾਂ ਨੇ ਵੈਦ ਬੰਤ ਸਿੰਘ ਸਾਰੋਂ ਦਾ ਸਨਮਾਨ ਕੀਤਾ।