ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ,23 ਨਵੰਬਰ
ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਬਾਲਦ ਕੈਂਚੀਆਂ ਨੇੜੇ ਫਲਾਈਓਵਰ ਉੱਪਰ ਚੜ੍ਹਦੇ ਸਮੇਂ ਸੰਗਤ ਨਾਲ ਭਰੇ ਟੈਂਪੂ (ਛੋਟਾ ਹਾਥੀ) ਨੂੰ ਪਿੱਛੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਟੈਂਪੂ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ 11 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਪਿੰਡ ਨਦਾਮਪੁਰ ਤੇ ਹਰਦਿੱਤਪੁਰਾ ਤੋਂ ਟੈਂਪੂ ’ਚ 12 ਵਿਅਕਤੀ ਸਵੇਰੇ ਕਰੀਬ 3 ਵਜੇ ਰਾਧਾ ਸੁਆਮੀ ਡੇਰਾ ਸਿਕੰਦਰਪੁਰ ਲਈ ਚੱਲੇ ਸਨ। ਇਸੇ ਦੌਰਾਨ ਬਾਲਦ ਕੈਂਚੀਆਂ ਵਿੱਚ ਫਲਾਈਓਵਰ ਉੱਪਰ ਚੜ੍ਹਦੇ ਸਮੇਂ ਪਿੱਛੋਂ ਆਈ ਕਾਰ ਨੇ ਟੈਂਪੂ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਇਸ ਕਾਰਨ ਬੇਕਾਬੂ ਹੋਇਆ ਟੈਂਪੂ ਸੜਕ ਉੱਪਰ ਪਲਟ ਗਿਆ। ਇਸ ਹਾਦਸੇ ਵਿੱਚ ਟੈਂਪੂ ਸਵਾਰ ਬਜ਼ੁਰਗ ਮਹਿੰਦਰ ਸਿੰਘ (75) ਵਾਸੀ ਹਰਦਿੱਤਪੁਰਾ ਦੀ ਮੌਕੇ ’ਤੇ ਮੌਤ ਹੋ ਗਈ। ਇਸ ਤੋਂ ਇਲਾਵਾ ਚਰਨਜੀਤ ਕੌਰ (50) ਵਾਸੀ ਹਰਦਿੱਤਪੁਰਾ, ਸ਼ਿੰਦਰ ਕੌਰ (70) ਵਾਸੀ ਹਰਦਿੱਤਪੁਰਾ, ਸੁਖਵਿੰਦਰ ਕੌਰ (45) ਵਾਸੀ ਹਰਦਿੱਤਪੁਰਾ, ਸੁਧਾ (70) ਵਾਸੀ ਨਦਾਮਪੁਰ, ਜਸਵੰਤ ਕੌਰ (70) ਵਾਸੀ ਹਰਦਿੱਤਪੁਰਾ, ਕੁਲਜੀਤ ਕੌਰ (50) ਵਾਸੀ ਹਰਦਿੱਤਪੁਰਾ, ਗਗਨਦੀਪ ਕੌਰ (39) ਵਾਸੀ ਹਰਦਿੱਤਪੁਰਾ, ਛੋਟਾ ਸਿੰਘ (76) ਵਾਸੀ ਹਰਦਿੱਤਪੁਰਾ, ਬੰਤ ਕੌਰ (70) ਵਾਸੀ ਨਦਾਮਪੁਰ, ਰਾਜ ਕੌਰ (55) ਵਾਸੀ ਹਰਦਿੱਤਪੁਰਾ, ਸੰਦੀਪ ਸਿੰਘ (40) ਵਾਸੀ ਨਦਾਮਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ’ਚ ਜ਼ਖ਼ਮੀਆਂ ਨੂੰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਤੇ ਚੰਡੀਗੜ੍ਹ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਮੁਖੀ ਭਵਾਨੀਗੜ੍ਹ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਪੁਲੀਸ ਨੇ ਕਾਰ ਕਬਜ਼ੇ ’ਚ ਲੈ ਕੇ ਅਣਪਛਾਤੇ ਚਾਲਕ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ ਵਿੱਚ ਔਰਤ ਦੀ ਮੌਤ
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਵਾਪਰੇ ਸੜਕ ਹਾਦਸੇ ਦੌਰਾਨ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੁਰਜਿੰਦਰ ਕੌਰ ਵਾਸੀ ਸੁਨਾਮ ਵਜੋਂ ਹੋਈ। ਇਸ ਸਬੰਧੀ ਸਿਮਰਨਪ੍ਰੀਤ ਕੌਰ ਨੇ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਜਦੋਂ ਕਾਰ ਵਿੱਚ ਜਾ ਰਹੀ ਸੀ, ਤਾਂ ਉਨ੍ਹਾਂ ਦੇ ਅੱਗੇ ਜਾ ਰਹੇ ਟਰੱਕ ਦੇ ਚਾਲਕ ਵੱਲੋਂ ਅਚਾਨਕ ਹੀ ਬਰੇਕ ਮਾਰ ਦਿੱਤੀ। ਇਸ ਕਾਰਨ ਉਨ੍ਹਾਂ ਦੀ ਕਾਰ ਟਰੱਕ ਵਿੱਚ ਜਾ ਵੱਜੀ। ਇਸ ਦੌਰਾਨ ਉਸ ਦੀ ਮਾਤਾ ਗੁਰਜਿੰਦਰ ਕੌਰ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਪਸਿਆਣਾ ਵਿੱਚ ਅਣਪਛਾਤੇ ਟਰੱਕ ਚਾਲਕ ਖਿਲਾਫ਼ ਧਾਰਾ 279, 304 ਏ, 337, 338 ਅਤੇ 427 ਤਹਿਤ ਕੇਸ ਦਰਜ ਕੀਤਾ ਗਿਆ ਹੈ।