ਬੀਰਬਲ ਰਿਸ਼ੀ
ਸ਼ੇਰਪੁਰ, 17 ਅਗਸਤ
ਪਿੰਡ ਕੁੰਭੜਵਾਲ ਦੇ ਲੋਕਾਂ ਨੇ ਕੁੱਝ ਮਹੀਨੇ ਪਹਿਲਾਂ ਬਣੀ ਕੁੰਭੜਵਾਲ-ਰੰਗੀਆਂ ਸੜਕ ਦੇ ਟੁੱਟ ਦੇ ਮਾਮਲੇ ’ਤੇ ਵਿਭਾਗ ਦੀ ਕਥਿਤ ਪਰਦਾਪੋਸ਼ੀ ਦੀ ਥਾਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਪੱਤਰ ਭੇਜਿਆ ਹੈ।
ਪਿੰਡ ਕੁੰਭੜਵਾਲ ਦੇ ਨੌਜਵਾਨ ਸੁਖਬੀਰ ਸਿੰਘ ਜਵੰਧਾ ਤੇ ਹੋਰਨਾਂ ਨੇ ਸ਼ਿਕਾਇਤ ਪੱਤਰ ਦੀ ਕਾਪੀ ਪ੍ਰੈੱਸ ਨੂੰ ਜਾਰੀ ਕਰਦਿਆਂ ਦੱਸਿਆ ਕਿ ਪਿੰਡ ਰਣੀਕੇ ਵਿੱਚ ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ਦੇ ਇੰਚਾਰਜ ਅੰਮ੍ਰਿਤ ਬਰਾੜ ਅਤੇ ਅਮੀਰ ਸਿੰਘ ਹੁਰਾਂ ਨੂੰ ਮੁੱਖ ਮੰਤਰੀ ਦੇ ਨਾਂ ਭੇਜਿਆ ਪੱਤਰ ਸੌਂਪਿਆ। ਇਸ ਵਿੱਚ ਦੱਸਿਆ ਗਿਆ ਹੈ ਕਿ ਛੇ ਮਹੀਨਿਆਂ ’ਚ ਟੁੱਟੀ ਸੜਕ ਦਾ ਮਾਮਲਾ ਉੱਭਰਨ ਮਗਰੋਂ ਖੁਦ ਡੀਸੀ ਮੌਕੇ ’ਤੇ ਪੁੱਜੇ ਸਨ ਅਤੇ ਜਾਂਚ ਦੇ ਆਦੇਸ਼ ਦਿੱਤੇ ਸਨ। ਇਸ ਮਗਰੋਂ ਰੰਗੀਆਂ ਤੇ ਕੁੰਭੜਵਾਲ ਪਿੰਡਾਂ ਵੱਲ ਠੇਕੇਦਾਰ ਨੇ ਦੁਬਾਰਾ ਤਕਰੀਬਨ 400 ਕੁ ਮੀਟਰ ਤੱਕ ਪ੍ਰੀਮਿਕਸ ਤਾਂ ਪਾਇਆ ਪਰ ਵਿਚਕਾਰਲਾ ਹਿੱਸਾ ‘ਠੀਕ ਹੈ’ ਕਹਿ ਕੇ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੀਮਿਕਸ ਮੁੜ ਪਾ ਕੇ ਰਹਿੰਦੀ ਸੜਕ ਦੀ ਹਾਲਤ ਸੁਧਾਰੀ ਜਾਵੇ ਅਤੇ ਮਾਮਲੇ ਦੀ ਵਿਜੀਲੈਂਸ ਜਾਂਚ ਕੀਤੀ ਜਾਵੇ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਉਕਤ ਸੜਕ ਦੇ ਨਾਲ-ਨਾਲ ਘਨੌਰ ਕਲਾਂ-ਕਲੇਰਾਂ ਸੜਕ ਦੇ ਮਹਿਜ਼ ਛੇ ਮਹੀਨਿਆਂ ’ਚ ਟੁੱਟ ਜਾਣ ਸਬੰਧੀ ਦੋਵੇਂ ਸੜਕਾਂ ਦੇ ਮਾਮਲੇ ਨੂੰ ਲੈ ਕੇ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਰਾਹੀਂ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਸੀ ਜਿਸ ’ਤੇ ਲੰਮਾ ਸਮਾਂ ਬੀਤਣ ਦੇ ਬਾਵਜੂਦ ਪਤਾ ਨਹੀਂ ਕਿਉਂ ਕਾਰਵਾਈ ਨਹੀਂ ਹੋਈ।
ਇਸ ਦੌਰਾਨ ਗੰਨਾ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਘਨੌਰੀ ਕਲਾਂ ਵਿੱਚ ਪੁਰਾਣਾ ਸਰੀਆ ਪਾਉਣ ਅਤੇ ਪਿੰਡ ਭੁੱਲਰਹੇੜੀ ਦੀ ਡਿਸਪੈਂਸਰੀ ਦੀ ਨਵੀਂ ਇਮਾਰਤ ਮੌਕੇ ਪੁਰਾਣੀਆਂ ਇੱਟਾਂ ਪਾਉਣ ਦੇ ਮਾਮਲੇ ਵੀ ਉਜਾਗਰ ਹੋਏ ਪਰ ਸਬੰਧਤ ਵਿਭਾਗ ਦੇ ਐਕਸੀਅਨ ਦੀ ਪੁੱਛ ਪੜਤਾਲ ਦੀ ਥਾਂ ਇਸ ਅਧਿਕਾਰੀ ਨੂੰ ਨਾਲ ਲੱਗਦੇ ਇੱਕ ਹੋਰ ਜ਼ਿਲ੍ਹੇ ਦਾ ਵਾਧੂ ਚਾਰਜ ਦੇ ਕੇ ਸ਼ਾਬਾਸ਼ੀ ਦੇਣਾ ਸ਼ੱਕੀ ਹੈ। ਆਗੂ ਨੇ ਕਿਹਾ ਕਿ ਲੋੜ ਪਈ ਤਾਂ ਵਿਜੀਲੈਂਸ ਜਾਂਚ ਲਈ ਮੁੱਖ ਮੰਤਰੀ ਨੂੰ ਵਫ਼ਦ ਵਜੋਂ ਮਿਲ ਕੇ ਮੰਗ ਕੀਤੀ ਜਾਵੇਗੀ।