ਰਾਜਿੰਦਰ ਜੈਦਕਾ
ਅਮਰਗੜ੍ਹ, 20 ਫਰਵਰੀ
ਸਰਕਾਰੀ ਪ੍ਰਾਇਮਰੀ ਸਕੂਲ ਸਲੇਮਪੁਰ ਵਿੱਚ ਬੀਐੱਲਓ ਹਰਪਾਲ ਸਿੰਘ ਦੀ ਅਗਵਾਈ ਹੇਠ ਤਿਆਰ ਕੀਤਾ ਸੁਪਰ ਮਾਡਲ ਪੋਲਿੰਗ ਸਟੇਸ਼ਨ ਵੋਟਰਾਂ ਲਈ ਖਿੱਚ ਦਾ ਕੇਂਦਰ ਰਿਹਾ। ਹਰਪਾਲ ਸਿੰਘ ਨੇ ਦੱਸਿਆ ਕਿ ਰੰਗ-ਬਿਰੰਗੇ ਗੁਬਾਰਿਆਂ, ਸਲੋਗਨਾਂ ਅਤੇ ਸਮੱਗਰੀ ਨਾਲ ਸਜਾਏ ਗਏ ਸੁਪਰ ਮਾਡਲ ਬੂਥ ਵਿੱਚ ਪਹਿਲੀ ਵਾਰ ਵੋਟ ਪਾਉਣ ਆਏ ਵੋਟਰਾਂ ਨੂੰ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਗਿਆ। ਬਿਰਧਾਂ ਲਈ ਵੀ ਵਿਸ਼ੇਸ਼ ਜਗ੍ਹਾ ਤਿਆਰ ਕੀਤੀ ਗਈ। ਆਰਟ ਤੇ ਸੈਲਫ਼ੀ ਕਾਰਨਰ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਰਹੇ। ਪੋਲਿੰਗ ਬੂਥ ਵਿੱਚ ਉਡੀਕ ਘਰ, ਸਹਾਇਤਾ ਬੂਥ, ਪੀਣ ਵਾਲੇ ਪਦਾਰਥ ਦਾ ਪ੍ਰਬੰਧ, ਵ੍ਹੀਲਚੇਅਰ ਆਦਿ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਪਰ ਮਾਡਲ ਪੋਲਿੰਗ ਬੂਥ ਦਾ ਮਕਸਦ ਵੱਧ ਤੋਂ ਵੱਧ ਵੋਟਿੰਗ ਕਰਵਾਉਣਾ ਹੈ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਹਲਕਾ ਸ਼ੁਤਰਾਣਾ ਵਿੱਚ ਸਥਾਪਿਤ ਕੀਤੇ ਗਏ 9 ਮਾਡਲ ਪੋਲਿੰਗ ਬੂਥ ਹਲਕੇ ਦੇ ਵੋਟਰਾਂ ਦੀ ਖਿੱਚ ਦਾ ਕੇਂਦਰ ਬਣੇ। ਹਲਕਾ ਸਵੀਪ ਨੋਡਲ ਅਫਸਰ ਰਾਹੁਲ ਅਰੋੜਾ ਨੇ ਦੱਸਿਆ ਕਿ ਇਨ੍ਹਾਂ 9 ਮਾਡਲ ਪੋਲਿੰਗ ਬੂਥਾਂ ਵਿੱਚੋਂ 6 ਬੂਥ ਮਾਡਲ ਬੂਥ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ ਬਣਾਏ ਗਏ ਸਨ। ਇਨ੍ਹਾਂ ਮਾਡਲ ਬੂਥਾਂ ਨੂੰ ਵੋਟਰਾਂ ਲਈ ਸੈਲਫੀ ਸਟੈਂਡ, ਸ਼ੇਰਾ ਚੋਣ ਮਸਕਟ ਦੀ ਸਟੈਂਡੀਜ਼, ਵੱਖ-ਵੱਖ ਤਰ੍ਹਾਂ ਦੇ ਫਲੈਕਸ, ਸਕੂਲ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਚਾਰਟ, ਪੋਸਟਰ, ਸਟੀਕਰ , ਰੰਗੋਲੀ ਆਦਿ ਨਾਲ ਸਜਾਇਆ ਗਿਆ ਸੀ। ਇਨ੍ਹਾਂ ਮਾਡਲ ਬੂਥਾਂ ਵਿੱਚੋਂ ਇਕ ਪਿੰਕ ਮਾਡਲ ਬੂਥ ਨਗਰ ਕੌਂਸਲ ਪਾਤੜਾਂ ਵਿੱਚ ਸਥਾਪਿਤ ਕੀਤਾ ਗਿਆ ਸੀ।