ਬੀਰਬਲ ਰਿਸ਼ੀ
ਸ਼ੇਰਪੁਰ, 29 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਬਲਾਕ ਸ਼ੇਰਪੁਰ ਦੇ ਪਿੰਡ ਖੇੜੀ ਖੁਰਦ ਵਿੱਚ ਕਵੀਸ਼ਰੀ ਕਰਦੇ ਪਿੰਦਰਪਾਲ ਸਿੰਘ (11) ਤੇ ਉਸ ਦੀ ਭੈਣ ਕਮਲਪ੍ਰੀਤ ਕੌਰ (13) ਨੂੰ ਤੋਹਫੇ ਭੇਜ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਹੈ। ਮੁੱਖ ਮੰਤਰੀ ਦੇ ਕਹਿਣ ’ਤੇ ਉਨ੍ਹਾਂ ਦੇ ਓਐੱਸਡੀ ਪ੍ਰੋ. ਓਂਕਾਰ ਸਿੰਘ, ‘ਆਪ’ ਆਗੂ ਜਸਵਿੰਦਰ ਸਿੰਘ ਘਨੌਰ ਅਤੇ ਤਹਿਸੀਲਦਾਰ ਸ਼ੇਰਪੁਰ ਕੁਲਦੀਪ ਸਿੰਘ ਇਸ ਪਰਿਵਾਰ ਦੇ ਘਰ ਪੁੱਜੇ ਅਤੇ ਮੁੱਖ ਮੰਤਰੀ ਵੱਲੋਂ ਭੇਜੇ ਤੋਹਫੇ ਸੌਂਪੇ। ਇਸ ਮੌਕੇ ਪੂਰੇ ਪਰਿਵਾਰ ਤੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵਿਸ਼ਵਕਰਮਾ ਦਿਵਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਆਏ ਸਨ ਜਿੱਥੇ ਕਵੀਸ਼ਰੀ ਕਰਦੇ ਇਹ ਬੱਚੇ ਉਨ੍ਹਾਂ ਦੀ ਨਜ਼ਰ ਵਿੱਚ ਆਏ। ਉਨ੍ਹਾਂ ਨੇ ਇੰਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਉਮਰੇ ਘਰ ਚਲਾਉਣ ਦੀ ਵੇਦਨਾ ਨੂੰ ਗਹਿਰਾਈ ਨਾਲ ਮਹਿਸੂਸ ਕੀਤਾ ਅਤੇ ਓਐੱਸਡੀ ਨੂੰ ਇਸ ਪਰਿਵਾਰ ਦੀਆਂ ਬਰੂਹਾਂ ’ਤੇ ਭੇਜਿਆ। ਓਐੱਸਡੀ ਓਂਕਾਰ ਸਿੰਘ ਨੇ ਬੱਚਿਆਂ ਤੋਂ ਕਵੀਸ਼ਰੀਆਂ ਸੁਣੀਆਂ ਅਤੇ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਨੂੰ ਆਪਣੇ ਵੱਲੋਂ ਵੀ ਇਨਾਮੀ ਰਾਸ਼ੀ ਭੇਟ ਕੀਤੀ। ਬੇਜ਼ਮੀਨੇ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਇਨ੍ਹਾਂ ਬੱਚਿਆਂ ਦੀ ਮਾਂ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗਿਆਨੀ ਗੁਰਵਿੰਦਰ ਸਿੰਘ ਢਾਡੀ ਹੈ ਜਿਸ ਤੋਂ ਬੱਚਿਆਂ ਨੁੰ ਗਾਉਣ ਦੀ ਚੇਟਕ ਲੱਗੀ।
ਵੀਰ ਪਿੰਦਰਪਾਲ ਸਿੰਘ ਤੇ ਭੈਣ ਕਮਲਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਈਨਾਬਾਜਵਾ ਦੇ ਵਿਦਿਆਰਥੀ ਹਨ। ਉਹ ਕਈ ਸਾਲਾਂ ਤੋਂ ਸੈਂਕੜੇ ਪ੍ਰੋਗਰਾਮ ਕਰ ਚੁੱਕੇ ਹਨ ਅਤੇ ਘਰ ਦਾ ਖਰਚ ਤੋਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਪਣੀ ਘਰ ਦੀ ਮਾੜੀ ਆਰਥਿਕਤਾ ਸਬੰਧੀ ਉਨ੍ਹਾਂ ਨੇ ਪਹਿਲਾਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪਾਈਆਂ ਸਨ ਪਰ ਐੱਸਜੀਪੀਸੀ ਨੇ ਉਨ੍ਹਾਂ ਦੀ ਅਰਜ਼ੋਈ ਨਹੀਂ ਸੁਣੀ। ਉਨ੍ਹਾਂ ਨੇ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਾਣ ਸਤਿਕਾਰ ਦੇ ਕੇ ਪੂਰੇ ਪਰਿਵਾਰ ਦਾ ਉਤਸ਼ਾਹ ਵਧਾਇਆ ਹੈ।