ਸੁਨਾਮ ਊਧਮ ਸਿੰਘ ਵਾਲਾ: ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੀ ਓਲਡ ਸਟੂਡੈਂਟ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਗੁਰਿੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਪ੍ਰਿੰਸੀਪਲ ਸੁਖਵੀਰ ਸਿੰਘ ਨਾਲ ਹੋਈ, ਜਿਸ ਵਿੱਚ ਕਾਲਜ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਕਾਲਜ ਵਿੱਚ ਬਣੀ ਮੈਡੀਕਲ ਨਰਸਰੀ ਵਿੱਚ ਦਵਾਈਆਂ ਅਤੇ ਫੁੱਲਦਾਰ ਬੂਟੇ ਲਾਉਣ ਤੇ ਕਾਲਜ ਦੇ ਪੜ੍ਹੇ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਐਸੋਸੀਏਸ਼ਨ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਵੀ ਲਿਆ ਗਿਆ, ਜਿਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਪਾਤ ਵਿੱਚ ਅਸਾਮੀਆਂ ਦੀ ਮੰਗ ਕਰਨ ਤੇ ਸਰਕਾਰ ਤੋਂ ਰੁਜ਼ਗਾਰ ਮੁਖੀ ਕੋਰਸਾਂ ਦੀ ਮੰਗ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਕਾਲਜ ਦੇ ਪ੍ਰਿੰਸੀਪਲ ਵੱਲੋਂ ਪੰਜਾਬ ਸਰਕਾਰ ਕੋਲੋਂ ਕਾਲਜ ਦੇ ਵਿਕਾਸ ਲਈ ਮੰਗੀਆਂ ਗਈਆਂ ਵੱਖ-ਵੱਖ ਗਰਾਂਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮੇਂ ਓਲਡ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਪਾਲ ਸਿੰਘ ਗਰੇਵਾਲ ਅਤੇ ਸਕੱਤਰ ਜਤਿੰਦਰ ਜੈਨ ਨੇ ਕਾਲਜ ਸਟਾਫ਼ ਨੂੰ ਐਸੋਸੀਏਸ਼ਨ ਵੱਲੋਂ ਹਰ ਸੰਭਵ ਮਦਦ ਅਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਲੇਣ ਦਾ ਭਰੋਸਾ ਦਿੱਤਾ। – ਪੱਤਰ ਪ੍ਰੇਰਕ