ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਧੂਰੀ, 15 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਧੂਰੀ ਹਲਕੇ ਤੋਂ ਮਿਲੇ ਪਿਆਰ ਸਤਿਕਾਰ ਦੀ ਬਦੌਲਤ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਂਝੀ ਹੋਣ ਸਬੰਧੀ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਪੂਰੀ ਤਰ੍ਹਾਂ ਵਚਨਬੱਧ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਅੰਦਰ ਅਜਿਹੇ ਜ਼ਿਕਰਯੋਗ ਵਿਕਾਸ ਕਾਰਜਾਂ ’ਤੇ ਕੰਮ ਹੋ ਰਿਹਾ ਹੈ ਜਿਹੜੇ ਭਵਿੱਖ ਵਿੱਚ ਲੋਕਾਂ ਲਈ ਬਹੁਤ ਲਾਭਦਾਇਕ ਸਿੱਧ ਹੋਣਗੇ। ਡਾ. ਗੁਰਪ੍ਰੀਤ ਕੌਰ ਨੇ ਧੂਰੀ ਵਿਖੇ ਸ੍ਰੀ ਬਾਲਾ ਜੀ ਜ਼ਿਲ੍ਹਾ ਟਰੱਸਟ ਦੀ ਧੂਰੀ ਸ਼ਾਖਾ ਵਿਖੇ ਕਰਵਾਏ ਗਏ ਜਗਰਾਤੇ ਵਿੱਚ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਹ ਜਾਗਰਣ ਹਲਕੇ ਦੀ ਖੁਸ਼ਹਾਲੀ ਤੇ ਸੁੱਖ ਸ਼ਾਂਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗ਼ਮ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ ਜੋ ਸਾਡੇ ਸਮਾਜ ਨੂੰ ਧਰਮ ਨਾਲ ਜੋੜਦੇ ਹਨ ਅਤੇ ਚੰਗੇ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੇ ਹਨ। ਭਜਨ ਗਾਇਕ ਗੋਪਾਲ ਮੋਹਣ ਭਾਰਦਵਾਜ ਤੇ ਹਰਮੰਦਰ ਸਿੰਘ ਰੋਮੀ ਨੇ ਭਜਨ ਗਾਏ। ਇਸ ਮੌਕੇ ਓਐੱਸਡੀ ਪ੍ਰੋ. ਓਂਕਾਰ ਸਿੰਘ, ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਅਤੇ ਚੇਅਰਮੈਨ ਸਤਿੰਦਰ ਸਿੰਘ ਚੱਠਾ ਹਾਜ਼ਰ ਸਨ।