ਮਾਨਵਜੋਤ ਭਿੰਡਰ
ਡਕਾਲਾ, 30 ਜੂਨ
ਇਥੋਂ ਡਕਾਲਾ ਤੋਂ ਕਰਹਾਲੀ ਸਾਹਿਬ ਦੀ ਸੜਕ ਦਾ ਸੱਤ ਅੱਠ ਕਿਲੋਮੀਟਰ ਦਾ ਟੋਟਾ ਬੁਰੀ ਤਰ੍ਹਾਂ ਖਸਤਾ ਹਾਲ ਹੋਣ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ ਹਨ| ਕਰਹਾਲੀ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਸੁਸ਼ੋਭਿਤ ਹੈ ਤੇ ਹਰ ਐਤਵਾਰ ਨੂੰ ਹਜ਼ਾਰਾਂ ਦੀ ਤਦਾਦ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀਆਂ ਹਨ ਪਰ ਖਸਤਾ ਹਾਲ ਸੜਕ ਤੋਂ ਲੰਘਣਾ ਅਤਿ ਮੁਸ਼ਕਲ ਬਣਿਆ ਹੋਇਆ ਹੈ| ਵੱਖ-ਵੱਖ ਸ਼ਰਧਾਲੂਆਂ ਤੇ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਟੁੱਟੀ ਸੜਕ ਤੋਂ ਬਰਸਾਤਾਂ ਦੇ ਦਿਨਾਂ ਵਿੱਚ ਗੁਜ਼ਰਨਾਂ ਹੋਰ ਵੀ ਜ਼ੋਖਮ ਭਰਿਆ ਬਣ ਰਿਹਾ ਹੈ| ਇਸ ਸਬੰਧੀ ਦੋ ਹਫਤੇ ਪਹਿਲਾਂ ਭਾਵੇਂ ਹਲਕੇ ਦੇ ਵਿਧਾਇਕ ਤੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੜਕ ਦੇ ਟੈਂਡਰ ਹੋਣ ਦੀ ਗੱਲ ਕਹੀ ਸੀ ਪਰ ਹਕੀਕਤ ਹੈ ਕਿ ਹਾਲੇ ਤਾਂਈ ਸੜਕ ਦੀ ਕਿਸੇ ਵੱਲੋਂ ਸਾਰ ਨਹੀਂ ਲਈ ਜਾ ਰਹੀ| ਪਟਿਆਲਾ ਤੋਂ ਸਾਬਕਾ ਐੱਮਪੀ ਤੇ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਹੋਰ ਲੋਕਾਂ ਨੇ ਸਰਕਾਰ ਤੋਂ ਮੰਦੀ ਸੜਕ ਦੀ ਬਿਨਾਂ ਦੇਰੀ ਸਾਰ ਲੈਣ ਦੀ ਮੰਗ ਕੀਤੀ ਹੈ| ਪ੍ਰੋ. ਚੰਦੂਮਾਜਰਾ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਚੋਣਾਂ ਤੋਂ ਪਹਿਲਾਂ ‘ਆਪ’ ਦੇ ਆਗੂ ਇਸ ਸੜਕ ਦੀ ਬੱਦਤਰ ਹਾਲਤ ਦੀ ਚਰਚਾ ਕਰਦੇ ਨਹੀ ਥੱਕਦੇ ਸਨ ਤੇ ਹੁਣ ਚੁੱਪੀ ਵੱਟ ਕੇ ਵਕਤ ਕੱਟਣ ਲੱਗੇ ਹਨ|