ਜਗਤਾਰ ਸਿੰਘ
ਲੌਂਗੋਵਾਲ, 28 ਅਗਸਤ
ਮੰਡੇਰ ਕਲਾਂ ਰੋਡ ’ਤੇ ਰਜਬਾਹੇ ਦੀ ਪਟੜੀ ਉੱਤੇ ਹਰੇ ਦਰੱਖਤਾਂ ਨੂੰ ਵੱਢਣ ਦੇ ਮਾਮਲੇ ਨੇ ਵਣ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਮਾਮਲਾ ਉਸ ਵੇਲੇ ਹੋਰ ਸ਼ੱਕੀ ਅਤੇ ਗੰਭੀਰ ਹੋ ਗਿਆ ਜਦੋਂ ਨੌਜਵਾਨ ਕਰਮਜੀਤ ਸਿੰਘ ਕਾਕਾ ਨੇ ਇਸ ਵਢਾਈ ਦਾ ਵਿਰੋਧ ਕੀਤਾ ਤਾਂ ਠੇਕੇਦਾਰ ਦੇ ਮਜ਼ਦੂਰ ਟਰੈਕਟਰ ਅਤੇ ਵਢਾਈ ਦੇ ਔਜ਼ਾਰਾਂ ਸਣੇ ਫ਼ਰਾਰ ਹੋ ਗਏ। ਉਨ੍ਹਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਮੈਂਬਰਾਂ ਨੇ ਕੁੰਨਰਾਂ ਰੋਡ ’ਤੇ ਜਾ ਘੇਰਿਆ। ਮਜ਼ਦੂਰਾਂ ਨੇ ਦੱਸਿਆ ਕਿ ਉਹ ਵਣ ਵਿਭਾਗ ਦੇ ਕਰਮਚਾਰੀਆਂ ਦੇ ਕਹਿਣ ’ਤੇ ਹੀ ਦਰੱਖਤ ਵੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਠੇਕੇ ਮੁਤਾਬਿਕ ਤਿੰਨ-ਚਾਰ ਦਰੱਖਤ ਘੱਟ ਸਨ ਜਿਸ ਦੀ ਪੂਰਤੀ ਲਈ ਉਹ ਹਰੇ ਦਰੱਖਤ ਵੱਢ ਰਹੇ ਸਨ।
ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਅਡਵੈਂਚਰ ਸੈੱਲ ਦੇ ਪ੍ਰਧਾਨ ਕਰਮਜੀਤ ਸਿੰਘ, ਜਨਰਲ ਸਕੱਤਰ ਮਾਸਟਰ ਗੁਰਵਿੰਦਰ ਸਿੰਘ ਤੇ ਰਾਜ ਸਿੰਘ ਰਾਜੂ ਨੇ ਕਿਹਾ ਕਿ ਇਸ ਠੇਕੇਦਾਰ ਦੇ ਮਜ਼ਦੂਰਾਂ ਨੇ ਕੱਲ੍ਹ ਵੀ ਹਰੇ ਦਰੱਖਤ ਵੱਢੇ ਸਨ, ਜੋ ਟਰਾਲੀ ਭਰ ਕੇ ਲੈ ਗਏ। ਅੱਜ ਦੁਬਾਰਾ ਤਿੰਨ-ਚਾਰ ਦਰੱਖਤ ਵੱਢੇ ਤਾਂ ਕਰਮਜੀਤ ਸਿੰਘ ਨੇ ਮੌਕੇ ’ਤੇ ਜਾ ਕੇ ਵੀਡੀਓ ਬਣਾ ਲਈ ਅਤੇ ਇਸ ਵਢਾਈ ਦਾ ਵਿਰੋਧ ਕੀਤਾ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਇਹ ਸਭ ਕੁਝ ਵਣ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਹੋ ਰਿਹਾ ਹੈ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਇਸ ਮਾਮਲੇ ’ਚ ਪੁਲੀਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਵਾਰ ਵਾਰ ਬੁਲਾਉਣ ’ਤੇ ਵੀ ਪੁਲੀਸ ਮੌਕੇ ’ਤੇ ਨਹੀਂ ਪਹੁੰਚੀ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਸਰਵਨ ਕੁਮਾਰ
ਮੌਕੇ ’ਤੇ ਪੁੱਜੇ ਜ਼ਿਲ੍ਹਾ ਫਾਰੈਸਟ ਅਫ਼ਸਰ ਅਤੇ ਰੇਂਜ ਅਫ਼ਸਰ ਸਰਵਨ ਕੁਮਾਰ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨੀ ਤੌਰ ’ਤੇ ਹਰੇ ਦਰੱਖਤਾਂ ਨੂੰ ਨਹੀਂ ਵੱਢਿਆ ਜਾ ਸਕਦਾ। ਇਸ ਨਿਗਰਾਨੀ ਦੀ ਜ਼ਿੰਮੇਵਾਰੀ ਵਣ ਗਾਰਡ ਦੀ ਹੁੰਦੀ ਹੈ। ਸਰਵਣ ਕੁਮਾਰ ਨੇ ਕਿਹਾ ਕਿ ਜੇ ਇਹ ਦਰੱਖਤ ਵਢਾਈ ਦੀ ਲਿਸਟ ਵਿੱਚ ਨਾ ਹੋਏ ਤਾਂ ਠੇਕੇਦਾਰ ਅਤੇ ਗਾਰਡ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਠੇਕੇਦਾਰ ਨੇ ਮਰਜ਼ੀ ਨਾਲ ਦਰੱਖਤ ਵੱਢੇ: ਵਣ ਗਾਰਡ
ਵਣ ਗਾਰਡ ਸ਼ਰਨਜੀਤ ਸਿੰਘ ਨੇ ਕਿਹਾ ਕਿ ਹਰੇ ਦਰੱਖਤ ਵੱਢਣ ਦੀ ਉਸ ਨੇ ਕੋਈ ਸਹਿਮਤੀ ਨਹੀਂ ਦਿੱਤੀ। ਉਨ੍ਹਾਂ ਨੇ ਸਿਰਫ਼ ਸੁੱਕੇ ਰੁੱਖਾਂ ’ਤੇ ਨਿਸ਼ਾਨੀਆਂ ਲਗਾਈਆਂ ਗਈਆਂ ਸਨ। ਹਰੇ ਦਰੱਖਤਾਂ ਨੂੰ ਮਜ਼ਦੂਰਾਂ ਨੇ ਆਪਣੀ ਮਰਜ਼ੀ ਨਾਲ ਹੀ ਵੱਢਿਆ ਹੈ। ਉਸ ਨੇ ਕਿਹਾ ਕਿ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।