ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 13 ਜੁਲਾਈ
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਨਵੀਂ ਦਿੱਲੀ ਤੋਂ ਆਏ ਵਫ਼ਦ ਨੇ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਬੋਰਡ ਦੇ ਤਰਜਮਾਨ ਕਾਸਿਮ ਰਸੂਲ ਇਲਯਾਸ ਅਤੇ ਕਾਰਜਕਾਰਨੀ ਮੈਂਬਰ ਇੰਜਨੀਅਰ ਮੁਹੰਮਦ ਸਲੀਮ, ਕਮਾਲ ਫ਼ਾਰੂਕੀ ਅਤੇ ਅਬਦੁਸ਼ ਸ਼ਕੂਰ ਮਾਲੇਰਕੋਟਲਾ ਸ਼ਾਮਲ ਸਨ। ਜਨਾਬ ਸ਼ਕੂਰ ਨੇ ਦੱਸਿਆ ਕਿ ਵਫ਼ਦ ਦੀ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬੈਠਕ ਬਹੁਤ ਉਸਾਰੂ ਮਾਹੌਲ ਵਿੱਚ ਹੋਈ। ਬੈਠਕ ਵਿੱਚ ਕੇਂਦਰ ਸਰਕਾਰ ਵੱਲੋਂ ਤਜਵੀਜ਼ਤ ਸਾਂਝੇ ਸਿਵਲ ਕੋਡ ਦੇ ਲਾਗੂ ਹੋਣ ਮਗਰੋਂ ਧਾਰਮਿਕ ਤੇ ਹੋਰ ਘੱਟ ਗਿਣਤੀਆਂ ‘ਤੇ ਪੈਣ ਵਾਲੇ ਪ੍ਰਭਾਵ ‘ਤੇ ਵਿਸਥਾਰਤ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਦੇਸ਼ ਦੇ ਸਿਆਸੀ ਵਾਤਾਵਰਨ ‘ਤੇ ਵੀ ਗੱਲਬਾਤ ਹੋਈ। ਜਥੇਦਾਰ ਨੇ ਯੂਸੀਸੀ ਖਰੜਾ ਸਾਹਮਣੇ ਆਉਣ ਮਗਰੋਂ ਇਸ ਦਾ ਵਿਰੋਧ ਕਰਨ ਦੇ ਸੰਕੇਤ ਦਿੱਤੇ ਹਨ ਅਤੇ ਜੇ ਲੋੜ ਪਈ ਤਾਂ ਸਾਂਝੀ ਰੋਸ ਨੀਤੀ ਵੀ ਬਣਾਈ ਜਾ ਸਕਦੀ ਹੈ।