ਪੱਤਰ ਪ੍ਰੇਰਕ
ਸੰਗਰੂਰ, 19 ਫਰਵਰੀ
ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂਰ ਦੇ ਪ੍ਰਧਾਨ ਨਾਮਦੇਵ ਭੂਟਾਲ, ਮੀਤ ਪ੍ਰਧਾਨ ਵਿਸ਼ਵਕਾਂਤ, ਸਹਾਇਕ ਸਕੱਤਰ ਗੁਰਪ੍ਰੀਤ ਕੌਰ, ਵਿੱਤ ਸਕੱਤਰ ਮਨਧੀਰ ਸਿੰਘ ਰਾਜੋਮਾਜਰਾ ਅਤੇ ਕਾਰਜਕਾਰੀ ਮੈਂਬਰ ਸਵਰਨਜੀਤ ਸਿੰਘ ਨੇ ਦਿੱਲੀ ਪੁਲੀਸ ਵੱਲੋਂ 22 ਸਾਲਾ ਭਾਰਤੀ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ| ਆਗੂਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਇਸ ਕਾਰਕੁਨ ਨੇ ਇੱਕ ਟੂਲਕਿਟ ਬਣਾਈ ਸੀ ਜੋ ਕਿਸਾਨੀ ਸੰਘਰਸ਼ ਨੂੰ ਦਿੱਤੀ ਜਾ ਸਕਦੀ ਮੱਦਦ ਦੇ ਤਰੀਕਿਆਂ ਸਬੰਧੀ ਦੱਸਦੀ ਸੀ| ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਕਾਰਕੁੰਨਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ ਅਤੇ ਹੁਣ ਦਿੱਲੀ ਪੁਲੀਸ ਵੱਲੋਂ ਕਿਸਾਨਾਂ ਲਈ ਬਣਾਈ ਟੂਲਕਿੱਟ ਕਾਰਨ ਦਿਸ਼ਾ ਰਵੀ ਉਪਰ ਦੇਸ਼ਧ੍ਰੋਹ ਅਤੇ ਮੁਜ਼ਰਮਾਨਾ ਸਾਜਿਸ਼ਾਂ ਰਚਣ ਦਾ ਕੇਸ ਦਰਜ ਕਰ ਦਿੱਤਾ ਹੈ ਜੋ ਕਿ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਪਰ ਸਿੱਧਾ ਫ਼ਾਸ਼ੀਵਾਦੀ ਹਮਲਾ ਹੈ| ਆਗੂਆਂ ਨੇ ਕਿਹਾ ਕਿ ਦਿੱਲੀ ਪੁਲੀਸ ਦੇ ਅਧਿਕਾਰੀ ਦਿਸ਼ਾ ਰਵੀ ਦੇ ਖਾਲਿਸਤਾਨੀ ਗੁੱਟਾਂ ਨਾਲ ਸਬੰਧਾਂ ਦੀ ਮਨਘੜਤ ਕਹਾਣੀ ਦੁਹਰਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ’ਚ ਹਨ ਕਿ ਇਸ ਟੂਲਕਿੱਟ ਰਾਹੀਂ ਦਿਸ਼ਾ ਰਵੀ ਭਾਰਤ ਖਿਲਾਫ਼ ਜੰਗ ਵਿੱਢਣ ਦੀ ਸਾਜਿਸ਼ ਘੜ ਰਹੀ ਸੀ| ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਹਕੂਮਤ ਦੇ ਖ਼ੂਨੀ ਹੱਥਾਂ ਨੂੰ ਰੋਕਣ ਲਈ ਸਮੂਹ ਨਿਆ ਪਸੰਦ ਤਾਕਤਾਂ ਨੂੰ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਅਤੇ ਕਾਰਕੁੰਨਾਂ ਦੇ ਹੱਕ ’ਚ ਡਟ ਕੇ ਖੜ੍ਹਨ ਦੀ ਲੋੜ ਹੈ |