ਪੱਤਰ ਪ੍ਰੇਰਕ
ਚੀਮਾ ਮੰਡੀ, 19 ਜੁਲਾਈ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਬਲਾਕ ਚੀਮਾ ਇਕਾਈ ਵੱਲੋਂ ਡੀਈਓ (ਐ.ਸਿੱ.) ਸੰਗਰੂਰ ਦੀ ਅਰਥੀ ਬੀਪੀਈਓ ਚੀਮਾ ਦੇ ਦਫ਼ਤਰ ਦੇ ਬਾਹਰ ਸਾੜੀ ਗਈ। ਬਲਾਕ ਪ੍ਰਧਾਨ ਜਸਬੀਰ ਨਮੋਲ ਨੇ ਦੱਸਿਆ ਕਿ ਡੀਟੀਐੱਫ ਵੱਲੋਂ ਵੱਖ-ਵੱਖ ਅਧਿਆਪਕ ਮੰਗਾਂ ਦੇ ਸਬੰਧ ਵਿੱਚ 1 ਜੂਨ ਨੂੰ ਡੀਈਓ ਦੇ ਦਫਤਰ ਅੱਗੇ ਧਰਨਾ ਲਾਇਆ ਗਿਆ ਸੀ। ਧਰਨੇ ਵਿੱਚ ਆ ਕੇ ਡੀਈਓ ਨੇ 10 ਦਿਨਾਂ ਦੇ ਅੰਦਰ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ,ਪ੍ਰੰਤੂ ਡੀਈਓ ਵੱਲੋਂ ਜਥੇਬੰਦੀ ਨਾਲ ਵਾਅਦਾਖਿਲਾਫੀ ਕੀਤੀ ਗਈ। ਇਸ ਵਰਤਾਰੇ ਦੇ ਰੋਸ ਵਜੋਂ 30 ਜੂਨ ਨੂੰ ਦੁਬਾਰਾ ਜਥੇਬੰਦੀ ਵੱਲੋਂ ਲਾਏ ਧਰਨੇ ਨੂੰ ਇਸ ਅਧਿਕਾਰੀ ਨੇ ਜਾਣ-ਬੁੱਝ ਕੇ ਨਜ਼ਰਅੰਦਾਜ਼ ਕੀਤਾ। ਇਸੇ ਤਹਿਤਹ ਬਲਾਕ ਚੀਮਾ ਵਿੱਚ ਇਹ ਅਰਥੀ ਫੂਕੀ ਗਈ ਹੈ।ਇਸ ਸਮੇਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਇਸ ਹਫਤੇ ਦੇ ਅਗਲੇ ਦਿਨਾਂ ਵਿੱਚ ਡੀਈਓ ਦੀਆਂ ਅਰਥੀਆਂ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਫੂਕੀਆਂ ਜਾਣਗੀਆਂ ਅਤੇ ਇਸ ਤੋਂ ਬਾਅਦ ਅਗਸਤ ਦੇ ਪਹਿਲੇ ਹਫਤੇ ਡੀਈਓ (ਐ.ਸਿੱ.) ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।