ਪੱਤਰ ਪ੍ਰੇਰਕ
ਲਹਿਰਾਗਾਗਾ, 27 ਜੁਲਾਈ
ਪੰਚਾਂ ਵੱਲੋਂ ਸਹਿਯੋਗ ਨਾ ਮਿਲਣ ’ਤੇ ਪਿੰਡ ਸੰਗਤਪੁਰਾ ਦੇ ਵਿਕਾਸ ਕੰਮ ਅਟਕਣ ਦਾ ਮਸਲਾ ਹੱਲ ਨਹੀਂ ਹੋ ਰਿਹਾ। ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਪਿੰਡ ਸੰਗਤਪੁਰਾ ਦੇ ਸਰਪੰਚ ਬਲਦੇਵ ਸਿੰਘ ਵੱਲੋਂ ਪਿੰਡ ਦੀ ਪੰਚਾਇਤ ਸਭਾ ਦੀ ਤੀਜੀ ਮੀਟਿੰਗ ਸੱਦੀ ਗਈ ਸੀ, ਜਿਸ ਵਿਚ ਸਾਰੇ ਪੰਚ ਹਾਜ਼ਰ ਤਾਂ ਹੋਏ ਪਰ 9 ’ਚੋਂ 6 ਪੰਚਾਂ ਵੱਲੋਂ ਆਪਣੀ ਸਹਿਮਤੀ ਨਾ ਦੇਣ ਕਰਕੇ ਪਿੰਡ ਦੇ ਵੱਖ-ਵੱਖ ਵਿਕਾਸ ਕੰਮਾਂ ਦਾ ਮਾਮਲਾ ਅਟਕ ਗਿਆ। ਇਸ ਮੌਕੇ ਸਰਪੰਚ ਨੇ ਕਿਹਾ ਕਿ ਜਿਹੜੇ ਪੰਚ ਪਿੰਡ ਦੇ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਆਪਣਾ ਸਹਿਯੋਗ ਨਹੀਂ ਦੇ ਰਹੇ, ਉਨ੍ਹਾਂ ਨੂੰ ਆਪਣੇ ਅਸਤੀਫੇ ਦੇ ਦੇਣੇ ਚਾਹੀਦੇ ਹਨ। ਉਧਰ ਪੰਚਾਇਤ ਸਕੱਤਰ ਦਰਸ਼ਨ ਕੁਮਾਰ ਨੇ ਦੱਸਿਆ ਕਿ ਸਰਪੰਚ ਬਲਦੇਵ ਸਿੰਘ ਵੱਲੋਂ ਪਿੰਡ ਦੇ ਵਿਕਾਸ ਕੰਮਾਂ ਨੂੰ ਪੁਰ ਕਰਨ ਲਈ ਲਗਾਤਾਰ ਪੰਚਾਇਤ ਸਭਾ ਦੀਆਂ ਮੀਟਿੰਗਾਂ ਰੱਖੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਉਕਤ 6 ਪੰਚਾਂ ਨੇ ਪਿੰਡ ਦੇ ਵਿਕਾਸ ਕੰਮਾਂ ਨੂੰ ਪੂਰਾ ਕਰਵਾਉਣ ਲਈ ਆਪਣੀ ਸਹਿਮਤੀ ਨਹੀਂ ਦਿੱਤੀ। ਇਸ ਕਰਕੇ ਪਿੰਡ ਦੇ ਲੋਕਾਂ ਦੇ ਨਾਲ-ਨਾਲ ਬਾਹਰਲੇ ਪਿੰਡਾਂ ਦੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲ ਨਾਲ ਸਰਕਾਰੀ ਸੰਪਤੀ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ।