ਪੱਤਰ ਪ੍ਰੇਰਕ
ਸ਼ੇਰਪੁਰ, 7 ਅਪਰੈਲ
ਬਲਾਕ ਸ਼ੇਰਪੁਰ ਦੇ 37 ਪਿੰਡਾਂ ਨਾਲ ਸਬੰਧਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਪਿੰਡ ਘਨੌਰੀ ਕਲਾਂ ਵਿੱਚ ਚੱਲ ਰਿਹਾ ਖਸਤਾ ਹਾਲ ਦਫ਼ਤਰ ਲੰਬੇ ਸਮੇਂ ਤੋਂ ਮੁਰੰਮਤ ਦੀ ਉਡੀਕ ਵਿੱਚ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦੇ ਤਕਰੀਬਨ ਡੇਢ ਦਰਜ਼ਨ ਪਿੰਡ ਇਸ ਦਫ਼ਤਰ ਨਾਲ ਸਬੰਧਤ ਹਨ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਮਾਰਤ ਦੇ ਆਲੇ-ਦੁਆਲੇ ਸੀਮਿੰਟ ਦੀਆਂ ਪੇਪੜੀਆਂ ਬਣ ਕੇ ਲਹਿ ਰਹੀਆਂ ਹਨ, ਦਫ਼ਤਰ ਦੀ ਛੱਤ ’ਤੇ ਪਾਣੀ ਵਾਲੀ ਟੈਂਕੀ ਦਾ ਸਫ਼ਾਈ ਪੱਖੋਂ ਬੁਰਾ ਹਾਲ ਹੈ। ਟੂਟੀਆਂ ਲਈ ਪਾਣੀ ਵਾਲੇ ਪਾਈਪ ਥਾਂ-ਥਾਂ ਤੋਂ ਰਿਸਦੇ ਹਨ ਅਤੇ ਦਫ਼ਤਰ ਦੇ ਅੰਦਰੂਨੀ ਹਿੱਸੇ ਵਿੱਚ ਕੰਧਾਂ ਦੇ ਨਾਲ-ਨਾਲ ਫਰਸ਼ ਵੀ ਟੁੱਟਿਆ ਹੋਇਆ ਹੈ। ਕਾਫ਼ੀ ਸਮੇ ਤੋਂ ਦਫ਼ਤਰ ਦਾ ਸਬਮਰਸੀਬਲ ਮੋਟਰ ਪਾਣੀ ਕੱਢਣ ਤੋਂ ਅਸਮਰੱਥ ਹੈ ਪਰ ਇਸਨੂੰ ਠੀਕ ਕਰਵਾਉਣ ਦੀ ਥਾਂ ਨਾਲ ਲਗਦੇ ਸੁਵਿਧਾ ਕੇਂਦਰ ਦੀ ਮੋਟਰ ਤੋਂ ਪਾਣੀ ਲੈ ਕਿ ਬੁੱਤਾ ਸਾਰਿਆ ਜਾ ਰਿਹਾ ਹੈ। ਮਨਜ਼ੂਰਸਸ਼ੁਦਾ ਕਲਰਕਾਂ ਦੀਆਂ ਤਿੰਨੋਂ ਅਸਾਮੀਆਂ ਖਾਲੀ ਹਨ ਅਤੇ ਦਫ਼ਤਰ ਕੋਲ ਕੋਈ ਪੱਕਾ ਚੌਕੀਦਾਰ ਵੀ ਨਹੀਂ ਹੈ। ਪੈਨਸ਼ਨਾਂ ਲਈ ਆਏ ਬਜ਼ੁਰਗਾਂ, ਵਿਧਾਵਾਵਾਂ ਤੇ ਵਿਕਲਾਂਗਾਂ ਨੂੰ ਫਾਰਮ ਪ੍ਰਾਪਤੀ ਲਈ ਫੋਟੋਸਟੇਟ ਵਾਲੀ ਦੁਕਾਨ ’ਤੇ ਜਾਣਾ ਪੈਂਦਾ ਹੈ। ਦਫਤਰ ਦੀ ਗੱਡੀ ਤੇ ਉਸਦਾ ਡਰਾਈਵਰ ਨੂੰ ਐੱਸਡੀਐੱਮ ਦਫ਼ਤਰ ਧੂਰੀ ਵਿੱਚ ਲਗਾਇਆ ਹੋਇਆ ਹੈ। ਸੀਡੀਪੀਓ ਕਿਰਨ ਨੇ ਇਨ੍ਹਾਂ ਊਣਤਾਈਆਂ ਨੂੰ ਸਵੀਕਾਰ ਕਰਦਿਆਂ ਦੱਸਿਆ ਕਿ ਇਮਾਰਤ ਦੀ ਮੁਰੰਮਤ ਲਈ ਉਨ੍ਹਾਂ ਬੀਡੀਪੀਓ ਸ਼ੇਰਪੁਰ ਨੂੰ ਲਿਖਿਆ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਨੇ ਦੱਸਿਆ ਕਿ ਇਮਾਰਤ ਦੀ ਮੁਰੰਮਤ ਲਈ ਪੀਡਬਲਯੂਡੀ ਨੂੰ ਲਿਖ ਰਹੇ ਹਾਂ ਗੱਡੀ ਤੇ ਡਰਾਈਵਰ ਸਬੰਧੀ ਉਨ੍ਹਾਂ ਸਬੰਧਤ ਐੱਸਡੀਐੱਮ ਨੂੰ ਅਪੀਲ ਕਰਨ ਦੀ ਗੱਲ ਆਖੀ।