ਪੱਤਰ ਪ੍ਰੇਰਕ
ਸ਼ੇਰਪੁਰ, 2 ਅਗਸਤ
ਪਿੰਡ ਹੇੜੀਕੇ ’ਚ ਰਾਖਵੇਂ ਕੋਟੇ ਦੀ ਜ਼ਮੀਨ ਦਾ ਵਿਵਾਦ ਉਸ ਸਮੇਂ ਹੋਰ ਭਖ਼ ਗਿਆ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ 6 ਤੇ 7 ਅਗਸਤ ਨੂੰ ਪੰਜਾਬ ਭਰ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕਣ ਅਤੇ 25 ਅਗਸਤ ਨੂੰ ਹੇੜੀਕੇ ’ਚ ਵੱਡਾ ਇਕੱਠ ਕਰ ਕੇ ਰਾਖਵੇਂ ਕੋਟੇ ਦੀ ਜ਼ਮੀਨ ’ਤੇ ਸੂਹਾ ਝੰਡਾ ਲਹਿਰਾ ਕੇ ਕਬਜ਼ਾ ਕਰਨ ਦਾ ਐਲਾਨ ਕੀਤਾ। ਇਹ ਐਲਾਨ ਜ਼ੈੱਡਪੀਐਸਸੀ ਦੇ ਜ਼ੋਨਲ ਆਗੂ ਜਸਵੰਤ ਸਿੰਘ ਖੇੜੀ, ਆਗੂ ਸ਼ਿੰਗਾਰਾ ਸਿੰਘ ਹੇੜੀਕੇ ਅਤੇ ਬਲਵਿੰਦਰ ਸਿੰਘ ਕੁੰਭੜਵਾਲ ਨੇ ਕਰਦਿਆਂ ਦੋਸ਼ ਲਾਇਆ ਕਿ ਵਿਭਾਗ ਦੇ ਸਬੰਧਤ ਅਧਿਕਾਰੀ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਦੀ ਥਾਂ ਬੀਡੀਪੀਓ ਦਫ਼ਤਰ ’ਚ ਪੁਲੀਸ ਦੀਆਂ ਧਾੜਾਂ ਬੁਲਾ ਕੇ ਰਾਖਵੇਂ ਕੋਟੇ ਦੀ ਕਥਿਤ ਡੰਮੀ ਬੋਲੀ ਕਰਵਾਈ। ਬੀਡੀਪੀਓ ਜੁਗਰਾਜ ਸਿੰਘ ਗੁੰਮਟੀ ਨੇ ਦੋਸ਼ ਨਕਾਰਦਿਆਂ ਕਿਹਾ ਕਿ ਹੇੜੀਕੇ ਪੰਚਾਇਤੀ ਜ਼ਮੀਨ ਦੀ ਬੋਲੀ ਦੀ ਬਾਕਾਇਦਾ ਵੀਡੀਓਗ੍ਰਾਫ਼ੀ ਕਰਵਾਈ ਗਈ ਹੈ ਅਤੇ ਇਹ ਬੋਲੀ ਉੱਚ ਅਦਾਲਤ ਦੇ ਹੁਕਮਾਂ ’ਤੇ ਕਰਵਾਈ ਗਈ ਹੈ।