ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 18 ਮਈ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਵਫ਼ਦ ਅੱਜ ਏਡੀਸੀ (ਜਨਰਲ) ਆਕਾਸ਼ ਬਾਂਸਲ ਨੂੰ ਮਿਲਿਆ। ਜਥੇਬੰਦੀ ਨੇ ਚੋਣ ਡਿਊਟੀਆਂ ਕੱਟਣ ਦੀਆਂ ਦਿੱਤੀਆਂ ਅਰਜ਼ੀਆਂ ਵਿੱਚੋਂ ਲਗਪਗ ਅੱਧੀਆਂ ਡਿਊਟੀਆਂ ਨਾ ਕੱਟਣ ’ਤੇ ਅਧਿਕਾਰੀ ਕੋਲ ਰੋਸ ਦਰਜ ਕਰਾਇਆ। ਵਫ਼ਦ ਨੇ ਕਿਹਾ ਕਿ ਸਾਰੀਆਂ ਮਹਿਲਾ ਅਧਿਆਪਕਾਵਾਂ ਜੋ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀਆਂ ਹਨ, ਦੀ ਡਿਊਟੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੱਟੀ ਜਾਵੇ, ਜਦੋਂਕਿ ਪ੍ਰਸ਼ਾਸਨ ਵੱਲੋਂ ਸਿਰਫ਼ ਇੱਕ ਸਾਲ ਤੱਕ ਦੀ ਉਮਰ ਦੇ ਬੱਚੇ ਦੀ ਮਾਤਾ ਦੀ ਡਿਊਟੀ ਹੀ ਕੱਟੀ ਗਈ ਹੈ। ਇਸੇ ਤਰ੍ਹਾਂ ਵਫ਼ਦ ਨੇ ਪ੍ਰਸ਼ਾਸਨ ਵੱਲੋਂ ਬਣਾਏ ਮੈਡੀਕਲ ਬੋਰਡ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਚਿੰਨ੍ਹ ਲਾਇਆ ਜਿਸ ਨੇ ਕੈਂਸਰ ਸਣੇ ਹੋਰ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਅਧਿਆਪਕਾਂ ਦੀ ਚੋਣ ਡਿਊਟੀ ਨਾ ਕੱਟਣ ਦੀ ਸਿਫ਼ਾਰਸ਼ ਕੀਤੀ ਹੈ। ਵਫ਼ਦ ਨੇ ਅਜਿਹੇ ਅਧਿਆਪਕ ਏਡੀਸੀ ਸਾਹਮਣੇ ਪੇਸ਼ ਕੀਤੇ। ਵਫ਼ਦ ਦੀਆਂ ਦਲੀਲਾਂ ਸੁਣ ਕੇ ਏਡੀਸੀ ਨੇ ਨਾ ਕੱਟੀਆਂ ਡਿਊਟੀਆਂ ਉੱਤੇ ਦੁਬਾਰਾ ਵਿਚਾਰ ਕਰਨ ਦੀ ਗੱਲ ਕਹੀ ਪਰ ਨਾਲ ਹੀ ਕਿਹਾ ਕਿ ਇਹ ਡਿਊਟੀਆਂ ਹੁਣ, ਜਿੱਥੇ ਡਿਊਟੀ ਲੱਗੀ ਹੈ, ਉੱਥੋਂ ਦੇ ਐੱਸਡੀਐੱਮ ਵੱਲੋਂ ਕੱਟੀਆਂ ਜਾਣਗੀਆਂ। ਵਫ਼ਦ ਨੇ ਇਸ ਗੱਲ ’ਤੇ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਕਿ ਸਾਰੀਆਂ ਡਿਊਟੀਆਂ ਕੱਟਣ ਦੀਆਂ ਅਰਜ਼ੀਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਸਨ। ਇਸ ਲਈ ਉਹ ਹੀ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ।
ਆਗੂਆਂ ਨੇ ਏਡੀਸੀ ਨੂੰ ਸੋਮਵਾਰ ਨੂੰ ਦੁਬਾਰਾ ਮਿਲ ਕੇ ਇਸ ਮਸਲੇ ਦੀ ਸਥਿਤੀ ਜਾਨਣ ਦਾ ਫ਼ੈਸਲਾ ਕੀਤਾ ਅਤੇ ਜੇ ਉਹਨਾਂ ਵੱਲੋਂ ਜਥੇਬੰਦੀ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਇਸ ਸਬੰਧੀ ਜਥੇਬੰਦਕ ਐਕਸ਼ਨ ਉਲੀਕਿਆ ਜਾਵੇਗਾ।