ਨਿਜੀ ਪੱਤਰ ਪ੍ਰੇਰਕ
ਸੰਗਰੂਰ, 15 ਫਰਵਰੀ
ਡੈਮੇਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ 28 ਫਰਵਰੀ ਨੂੰ ਕਰਵਾਈ ਜਾਣ ਵਾਲੀ 31ਵੀਂ ਡੀਟੀਐਫ਼ ਪ੍ਰੀਖਿਆ ‘ਪਗੜੀ ਸੰਭਾਲ ਜੱਟਾ’ ਲਹਿਰ ਤੇ ਮੌਜੂਦਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗੀ। ਡੀਟੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਤੇ ਪ੍ਰੀਖਿਆ ਕੇਂਦਰ ਸੰਗਰੂਰ ਦੇ ਮੁੱਖ ਪ੍ਰਬੰਧਕ ਮਾਸਟਰ ਪਰਮ ਵੇਦ ਨੇ ਦੱਸਿਆ ਕਿ ਇਹ ਪ੍ਰੀਖਿਆ 28 ਫਰਵਰੀ ਨੂੰ ਜ਼ਿਲ੍ਹਾ ਸੰਗਰੂਰ ਦੇ 13 ਪਰੀਖਿਆ ਕੇਂਦਰਾਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1.50 ਵਜੇ ਤੱਕ ਹੋਵੇਗੀ। ਸੰਗਰੂਰ ਸ਼ਹਿਰ ਦਾ ਪ੍ਰੀਖਿਆ ਕੇਂਦਰ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਨਕਲ ਦੀ ਭਾਵਨਾ ਖ਼ਤਮ ਕਰਨਾ, ਪ੍ਰਤਿਭਾ ਦੀ ਸਹੀ ਪਰਖ਼ ਕਰਨਾ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨਾ ਹੈ। ਸਰਕਾਰੀ ਤੇ ਪ੍ਰਾਈਵੇਟ ਕੈਟਾਗਰੀਆਂ ਆਧਾਰਿਤ ਪੰਜਵੀਂ, ਅਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤਾਂ ਪੱਧਰੀ ਇਸ ਪ੍ਰੀਖਿਆ ’ਚ 100 ਪ੍ਰਸ਼ਨਾਂ ਵਾਲਾ ਪ੍ਰਸ਼ਨ ਪੱਤਰ ਪੰਜਾਬੀ ਤੇ ਅੰਗਰੇਜ਼ੀ ਮਾਧਿਅਮਾਂ ਵਿੱਚ ਹੋਵੇਗਾ। ਹਰ ਕੈਟਾਗਰੀ ’ਚ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲਿਆਂ ਨੂੰ ਨਕਦ ਇਨਾਮਾਂ ਨਾਲ ਤੇ ਅਗਲੇ ਦਸ ਸਥਾਨਾਂ ਵਾਲੇ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰੀਖਿਆ ਲਈ ਫ਼ਾਰਮ ਸਾਰੇ ਡੀਟੀਐੱਫ ਕਾਰਕੁਨਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ, ਪ੍ਰੀਖਿਆ ਕੇਂਦਰ ਸੰਗਰੂਰ ਲਈ ਫਾਰਮ 20 ਫਰਵਰੀ ਤੱਕ ਪਹੁੰਚਾਏ ਜਾ ਸਕਦੇ ਹਨ।