ਪੱਤਰ ਪ੍ਰੇਰਕ
ਲਹਿਰਾਗਾਗਾ, 14 ਜੁਲਾਈ
ਹਾਲ ਵਿੱਚ ਜਾਰੀ ਕੀਤੇ ਗਏ ਲਾਅ ਅਫਸਰਾਂ ਦੀਆਂ ਪੋਸਟਾਂ ਦੇ ਇਸ਼ਤਿਹਾਰ ਵਿੱਚ ਰਾਖਵਾਂਕਰਨ ਲਾਗੂ ਨਾ ਕਰਨ ਦੇ ਰੋਸ ਵਜੋਂ ਇੱਥੇ ਐੱਸਸੀ ਬੀਸੀ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪ੍ਰਧਾਨ ਬਲਜੀਤ ਸਿੰਘ ਸਲਾਣਾ ਅਤੇ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਹੇਠ ਪੰਜਾਬ ਦੇ ਐਡਵੋਕੇਟ ਜਨਰਲ ਦਾ ਪੁਤਲਾ ਫੂਕਿਆ ਗਿਆ। ਇਸ ਮਗਰੋਂ ਅਧਿਆਪਕ ਯੂਨੀਅਨ ਦੇ ਆਗੂ ਨਰਿੰਦਰਪਾਲ ਲਹਿਰਾ ਦੀ ਅਗਵਾਈ ਵਿੱਚ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਨੂੰ ਮੰਗ ਪਤਰ ਸੌਂਪਿਆ ਗਿਆ। ਉਨ੍ਹਾਂ ਮੰਗ ਪੱਤਰ ਰਾਹੀਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਖਾਸ ਕਰਕੇ ਰਿਜ਼ਰਵੇਸ਼ਨ ਅਤੇ ਰਿਜ਼ਰਵ ਸ਼੍ਰੇਣੀਆਂ ਦੇ ਸੰਵਿਧਾਨਕ ਹੱਕਾਂ ’ਤੇ ਹਮਲੇ ਕੀਤੇ ਹਨ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਨੇ ਐਡਵੋਕੇਟ ਜਨਰਲ ਪੰਜਾਬ ਅਨਮੋਲ ਰਤਨ ਸਿੱਧੂ ਵੱਲੋਂ ਲਾਅ ਅਫ਼ਸਰਾਂ ਦੀਆਂ 178 ਅਸਾਮੀਆਂ ਦੇ ਮਸਲੇ ’ਤੇ ਹਾਈਕੋਰਟ ਪੰਜਾਬ ਅਤੇ ਹਰਿਆਣਾ ਵਿੱਚ ਐੱਸਸੀ/ਬੀਸੀ ਵਰਗਾਂ ਦੇ ਉਮੀਦਵਾਰਾਂ ਨੂੰ ਕਥਿਤ ਤੌਰ ’ਤੇ ਅਯੋਗ ਕਹਿਣ ਖ਼ਿਲਾਫ਼ ਸਰਕਾਰੀ ਕਾਲਜ ਚੌਕ ਤੋਂ ਐੱਸਡੀਐੱਮ ਦਫ਼ਤਰ ਤੱਕ ਰੋਸ ਮਾਰਚ ਕੀਤਾ।
ਕੌਮੀ ਮੁੱਖ ਮਾਰਗ ’ਤੇ ਆਵਾਜਾਈ ਜਾਮ
ਪਾਤੜਾਂ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਰਿਜ਼ਰਵੇਸ਼ਨ ਨੀਤੀ ਵਿੱਚ ਕੀਤੇ ਬਦਲਾਅ ਖ਼ਿਲਾਫ਼ ਐੱਸਸੀ/ਬੀਸੀ ਅਧਿਆਪਕ ਜਥੇਬੰਦੀ ਦੇ ਸੱਦੇ ਉੱਤੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਰੋਹ ਭਰਪੂਰ ਮੁਜ਼ਾਹਰਾ ਕਰਕੇ ਟਰੈਫਿਕ ਜਾਮ ਕੀਤੀ ਗਈ। ਨਾਇਬ ਤਹਿਸੀਲਦਾਰ ਪਾਤੜਾਂ ਜਸਦੇਵ ਸਿੰਘ ਨੇ ਪਹੁੰਚ ਕੇ ਮੰਗ ਪੱਤਰ ਹਾਸਲ ਕਰਨ ਮਗਰੋਂ ਸੂਬਾ ਸਰਕਾਰ ਨੂੰ ਭੇਜਣ ਦਾ ਭਰੋਸਾ ਦੇਣ ’ਤੇ ਜਾਮ ਖੋਲ੍ਹਿਆ ਗਿਆ।