ਜਗਤਾਰ ਸਿੰਘ ਨਹਿਲ
ਲੌਂਗੋਵਾਲ, 21 ਨਵੰਬਰ
ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਿਖੇ ‘ਮੇਲਾ ਦੇਸ਼ ਭਗਤਾਂ ਦਾ, ਅਮਿੱਟ ਯਾਦਾਂ ਛੱਡਦਿਆਂ ਸੰਪੰਨ ਹੋਇਆ। ਗ਼ਦਰ ਲਹਿਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਹੋਣ ਵਾਲਾ ਇਹ ਮੇਲਾ ਕਾਕੋਰੀ ਕਾਂਡ ਦੇ ਸ਼ਹੀਦ ਅਸਫਾਕ ਉਲਾ ਖਾਂ ਨੂੰ ਸਮਰਪਿਤ ਕੀਤਾ ਗਿਆ ਜਿਸ ਦਾ ਆਗਾਜ਼ ਬਜ਼ੁਰਗ ਲੋਕ ਆਗੂ ਕਾਮਰੇਡ ਗੱਜਣ ਸਿੰਘ ਦੁੱਗਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਇਆ। ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਮਾ. ਬਲਵੀਰ ਚੰਦ ਲੌਂਗੋਵਾਲ ਨੇ ਸੰਸਥਾ ਦੇ ਉਦੇਸ਼ਾਂ ’ਤੇ ਚਾਨਣਾ ਪਾਉਂਦਿਆਂ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਅਤੇ ਇਕਸਾਰਤਾ ਵਾਲਾ ਸਮਾਜ ਸਿਰਜਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਲਈ ਸੱਦਾ ਦਿੱਤਾ। ਇਤਿਹਾਸਕਾਰ ਇੰਜੀਨੀਅਰ ਰਾਕੇਸ਼ ਕੁਮਾਰ ਦਾ ਸਨਮਾਨ ਕਰਨ ਮਗਰੋਂ ਅਦਾਕਾਰ ਮੰਚ ਮੁਹਾਲੀ ਵੱਲੋਂ ਡਾ. ਸਾਹਿਬ ਸਿੰਘ ਦੇ ਨਿਰਦੇਸ਼ਨ ਹੇਠ ਨਾਟਕ ‘ਸੰਮਾਂ ਵਾਲੀ ਡਾਂਗ’ ਅਤੇ ‘ਇਹ ਜ਼ਮੀਨ ਅਸਾਡੀ ਹੈ’ ਦਾ ਸਫ਼ਲ ਮੰਚਨ ਕੀਤਾ ਗਿਆ। ਜੁਝਾਰ ਨਮੋਲ ਵੱਲੋਂ ਨਮੋਲੀਆ ਨਾਟਕ ਪੇਸ਼ ਕੀਤਾ ਗਿਆ, ਦਿਲਜੋਤ ਬੰਟੀ, ਭੋਲਾ ਸੰਗਰਾਮੀ, ਕਵੀਸ਼ਰ ਤਾਰਾ ਸਿੰਘ ਛਾਜਲੀ ਅਤੇ ਸੰਦੀਪ ਕੌਰ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਗੁਰਪ੍ਰੀਤ ਡੈਨੀ ਦੀ ਕਿਤਾਬ ‘ਜੜ੍ਹਾਂ ਦੀ ਖ਼ੁਸ਼ਬੂ ਦੀ ਘੁੰਢ’ ਚੁਕਾਈ ਕੀਤੀ ਗਈ। ਜੁਝਾਰ ਲੌਂਗੋਵਾਲ ਨੇ ਮੰਚ ਸੰਚਾਲਨ ਕੀਤਾ।