ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 19 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਅੱਜ ਕਿਸਾਨਾਂ ਤੇ ਨੌਜਵਾਨਾਂ ਨੇ ਇਕੱਠੇ ਹੋ ਕੇ ਭਵਾਨੀਗੜ੍ਹ-ਸੁਨਾਮ ਮੁੱਖ ਮਾਰਗ ’ਤੇ ਪਿੰਡ ਸੰਜੂਮਾ ਨੇੜੇ ਟੌਲ ਪਲਾਜ਼ੇ ਲਈ ਬਣਾਏ ਡਿਵਾਈਡਰ ਨੂੰ ਪੁੱਟ ਦਿੱਤਾ। ਇਸ ਮੌਕੇ ਭਵਾਨੀਗੜ੍ਹ, ਸੁਨਾਮ ਤੇ ਦਿੜਬਾ ਇਲਾਕੇ ਤੋਂ ਇਕੱਠੇ ਹੋਏ ਕਿਸਾਨਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਇਸ ਡਵਾਈਡਰ ਕਾਰਨ ਹਾਦਸਿਆਂ ਵਿੱਚ ਹੁਣ ਤੱਕ ਦਰਜਨਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸ੍ਰੀ ਚੱਠਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਤੇ ਡੀਸੀ ਸੰਗਰੂਰ ਦੇ ਅੱਜ ਤੋਂ 3-4 ਸਾਲ ਪਹਿਲਾਂ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਪ੍ਰਸ਼ਾਸਨ ਅਤੇ ਸਰਕਾਰ ਆਪਣੀ ਕੁੰਭਕਰਨੀ ਨੀਂਦ ’ਚੋਂ ਨਹੀਂ ਜਾਗੀ। ਜ਼ਿਲ੍ਹਾ ਮੀਤ ਪ੍ਰਧਾਨ ਗੁਰਬਖਸ਼ੀਸ਼ ਬਾਲਦ ਕਲਾਂ, ਗੁਰਪਿਆਰ ਸਿੰਘ ਚੱਠਾ ਤੇ ਕਿਹਾ ਕਿ ਮਜਬੂਰੀ ਵੱਸ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ ਟੌਲ ਪਲਾਜ਼ੇ ਲਈ ਬਣੇ ਬੇਲੋੜੇ ਡਵਾਈਡਰ ਨੂੰ ਪੁੱਟ ਦਿੱਤਾ ਗਿਆ ਹੈ।