ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਜੂਨ
ਸੰਗਰੂਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ। ਇਹ ਚੋਣ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਦੇ ਸਿਆਸੀ ਵੱਕਾਰ ਦਾ ਸਵਾਲ ਬਣੀ ਹੋਈ ਹੈ। ਭਾਵੇਂ ਚੋਣ ਮੈਦਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ, ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਦੇ ਦਲਵੀਰ ਸਿੰਘ ਗੋਲਡੀ ਵਿਚਕਾਰ ਹੁਣ ਤੱਕ ਪੰਜਕੋਣਾ ਮੁਕਾਬਲਾ ਬਣਿਆ ਨਜ਼ਰ ਆ ਰਿਹਾ ਸੀ ਪਰ ਅੱਜ ਵੋਟਿੰਗ ਵਾਲੇ ਦਿਨ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਚਕਾਰ ਹੋਣ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ।
ਸੰਗਰੂਰ ਲੋਕ ਸਭਾ ਹਲਕਾ ਕੁੱਲ 9 ਵਿਧਾਨ ਸਭਾ ਹਲਕਿਆਂ ’ਤੇ ਆਧਾਰਿਤ ਹੈ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕੇ ਸੰਗਰੂਰ, ਧੂਰੀ, ਸੁਨਾਮ, ਦਿੜ੍ਹਬਾ ਅਤੇ ਲਹਿਰਾ ਪੈਂਦੇ ਹਨ। ਜ਼ਿਲ੍ਹਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਪੈਂਦੇ ਹਨ ਜਦੋਂ ਕਿ ਜ਼ਿਲ੍ਹਾ ਮਲੇਰਕੋਟਲਾ ਦਾ ਸਿਰਫ਼ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਹੀ ਪੈਂਦਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੱਤਵੀਂ ਵਾਰ ਸੰਗਰੂਰ ਸੰਸਦੀ ਹਲਕੇ ਦੇ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਦੋਂ ਕਿ ਸਿਰਫ਼ ਇੱਕ ਵਾਰ ਸੰਨ 1999 ’ਚ ਚੋਣ ਜਿੱਤ ਕੇ ਲੋਕ ਸਭਾ ਪੁੱਜੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੂਜੀ ਵਾਰ ਲੋਕ ਸਭਾ ਦੀ ਚੋਣ ਲੜ ਰਹੇ ਹਨ। ਇਸਤੋਂ ਪਹਿਲਾਂ ਸੰਨ 2014 ਵਿੱਚ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਪਟਿਆਲਾ ਸੰਸਦੀ ਹਲਕੇ ਤੋਂ ਚੋਣ ਲੜੀ ਸੀ ਪਰ ਚੋਣ ਹਾਰ ਗਏ ਸਨ। ਇਸ ਵਾਰ ਬੀਬੀ ਰਾਜੋਆਣਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਹਨ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਹਨ। ਬੀਬੀ ਰਾਜੋਆਣਾ ਦੀ ਜਿੱਤ ਯਕੀਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਪ੍ਰਚਾਰ ਵਿੱਚ ਪੂਰੀ ਵਾਹ ਲਗਾਈ ਹੈ। ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਪਹਿਲੀ ਵਾਰ ਸਿਆਸੀ ਚੋਣ ਮੈਦਾਨ ’ਚ ਨਿੱਤਰੇ ਹਨ। ਗੁਰਮੇਲ ਸਿੰਘ ਪਿੰਡ ਘਰਾਚੋਂ ਦੇ ਮੌਜੂਦਾ ਸਰਪੰਚ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਤਿ ਕਰੀਬੀ ਮੰਨੇ ਜਾਂਦੇ ਹਨ ਜੋ ਸੰਨ 2014 ਤੋਂ ਹੀ ‘ਆਪ’ ਨਾਲ ਜੁੜੇ ਹੋਏ ਹਨ। ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਪਹਿਲੀ ਵਾਰ ‘ਕਮਲ ਦੇ ਫੁੱਲ’ ਉੱਤੇ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਸੰਨ 2019 ’ਚ ਸੰਗਰੂਰ ਸੀਟ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ ਜੋ ‘ਆਪ’ ਉਮੀਦਵਾਰ ਭਗਵੰਤ ਮਾਨ ਤੋਂ ਚੋਣ ਹਾਰ ਗਏ ਸਨ। ਉਹ ਸੰਨ 2007 ਅਤੇ 2012 ’ਚ ਬਰਨਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਪੰਜਾਬ ਭਾਜਪਾ ਨੇ ਸ੍ਰੀ ਢਿੱਲੋਂ ਦੇ ਹੱਕ ਵਿੱਚ ਜ਼ੋਰਦਾਰ ਤਰੀਕੇ ਨਾਲ ਚੋਣ ਮੁਹਿੰਮ ਚਲਾਈ ਗਈ ਸੀ। ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਵੀ ਪਹਿਲੀ ਵਾਰ ਸੰਸਦੀ ਹਲਕੇ ਦੀ ਚੋਣ ਲੜ ਰਹੇ ਹਨ ਜਦੋਂ ਕਿ ਉਹ ਪਹਿਲਾਂ ਧੂਰੀ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਆਪਣੀ ਏਕਤਾ ਪਾਰਟੀ ਦੇ ਉਮੀਦਵਾਰ ਹਸਨ ਮੁਹੰਮਦ ਅਤੇ ਪੀਪਲਜ਼ ਪਾਰਟੀ ਆਫ਼ ਇੰਡੀਆ ਡੈਮੋਕ੍ਰੇਟਿਕ ਦੇ ਉਮੀਦਵਾਰ ਜਗਮੋਹਨ ਸਿੰਘ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ’ਚ ਅਜੇ ਕੁਮਾਰ, ਪੱਪੂ ਕੁਮਾਰ, ਗਗਨਦੀਪ ਸਿੰਘ, ਜਗਪਾਲ ਸਿੰਘ, ਸ਼ਕਤੀ ਕੁਮਾਰ ਗੁਪਤਾ, ਰਤਨ ਲਾਲ, ਸੁਨੈਨਾ, ਕੁਲਵੀਰ ਸਿੰਘ ਅਤੇ ਅਮਨਦੀਪ ਕੌਰ ਉਪਲ ਵੀ ਚੋਣ ਮੈਦਾਨ ’ਚ ਕਿਸਮਤ ਅਜ਼ਮਾ ਰਹੇ ਹਨ।
ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਚੋਣ ਅਮਲ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਦਿੜ੍ਹਬਾ ਹਲਕੇ ਵਿੱਚ ਵੋਟਾਂ ਅਮਾਨ-ਅਮਾਨ ਨਾਲ ਪਈਆਂ। ਦਿੜ੍ਹਬਾ, ਸੂਲਰ ਘਰਾਟ, ਮਹਿਲਾਂ, ਖਨਾਲਕਲਾਂ, ਕੌਹਰੀਆਂ, ਲਾਡਬੰਨਜਾਰਾ, ਸ਼ਾਦੀਹਰੀ, ਰੋਗਲਾ, ਕੈਂਪਰ, ਗੁੱਜਰਾਂ, ਜਨਾਲ ਆਦਿ ਦਰਜਨਾਂ ਪਿੰਡਾਂ ਵਿੱਚ ਦੇ ਕੀਤੇ ਗਏ ਦੌਰੇ ਦੌਰਾਨ ਝੋਨੇ ਦੇ ਸੀਜ਼ਨ ਕਾਰਨ ਲੋਕਾਂ ਵਿੱਚ ਭਾਵੇਂ ਉਤਸ਼ਾਹ ਮੱਠਾ ਰਿਹਾ ਪਰੰਤੂ ਸਿਮਰਨਜੀਤ ਸਿੰਘ ਮਾਨ ਦੇ ਪੋਲਿੰਗ ਬੂਥਾਂ ’ਤੇ ਨੌਜਵਾਨਾਂ ਦੀ ਵੱਡੀ ਭੀੜ ਨਜ਼ਰ ਆਈ। ਪਿੰਡ ਸੂਲਰ ’ਚ ਸਾਰੀਆਂ ਪਾਰਟੀਆਂ ਦੇ ਲੋਕਾਂ ਨੇ ਇੱਕੋ ਪੋਲਿੰਗ ਬੂਥ ਲਾ ਕੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਅੱਜ ਵਿਧਾਨ ਸਭਾ ਹਲਕਾ ਮਾਲੇਰਕੋਟਲਾ ’ਚ ਵੋਟਾਂ ਪੈਣ ਦਾ ਅਮਲ ਸ਼ਾਂਤੀਪੂਰਵਕ ਨੇਪਰੇ ਚੜਿ੍ਹਆ। ਵਿਧਾਨ ਸਭਾ ਹਲਕਾ ਮਾਲੇਰਕੋਟਲਾ ’ਚ ਸਵੇਰੇ ਗਿਆਰਾਂ ਵਜੇ ਤੱਕ ਵੋਟਾਂ 15.86 ਫ਼ੀਸਦ,ਦੁਪਹਿਰ ਇੱਕ ਵਜੇ ਤੱਕ 22.50 ਫ਼ੀਸਦ, ਬਾਅਦ ਦੁਪਹਿਰ ਤਿੰਨ ਵਜੇ ਤੱਕ 33.86 ਫ਼ੀਸਦ, ਬਾਅਦ ਦੁਪਹਿਰ ਪੰਜ ਵਜੇ ਤੱਕ 41.26 ਫ਼ੀਸਦ ਰਹੀ। ਪੰਜ ਵਜੇ ਤੋਂ ਬਾਅਦ ਵੀ ਵੋਟਰ ਪੋਲਿੰਗ ਬੂਥਾਂ ’ਤੇ ਪਹੁੰਚ ਰਹੇ ਸਨ । ਛੇ ਵਜੇ ਤੋਂ ਬਾਅਦ ਕੁਝ ਵੋਟਰ ਪੋਲਿੰਗ ਬੂਥਾਂ ਦੇ ਅੰਦਰ ਆਪਣੀ ਵਾਰੀ ਦੀ ਉਡੀਕ ਵਿੱਚ ਸਨ।