ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਮਾਰਚ
ਪੰਜਾਬ ਵਿਧਾਨ ਸਭਾ ਲਈ ਜ਼ਿਲ੍ਹਾ ਸੰਗਰੂਰ ਦੇ ਕੁੱਲ ਪੰਜ ਹਲਕਿਆਂ ’ਚ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਭਲਕੇ 10 ਮਾਰਚ ਨੂੰ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ ਜਿਸ ਲਈ ਜ਼ਿਲ੍ਹਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਸੰਗਰੂਰ ਦੇ ਪੰਜ ਹਲਕਿਆਂ ਲਹਿਰਾ, ਦਿੜ੍ਹਬਾ, ਸੁਨਾਮ, ਧੂਰੀ ਅਤੇ ਸੰਗਰੂਰ ’ਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਕੁੱਲ 55 ਉਮੀਦਵਾਰ ਚੋਣ ਮੈਦਾਨ ’ਚ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਭਲਕੇ ਵੋਟਿੰਗ ਮਸ਼ੀਨਾਂ ’ਚੋਂ ਨਿਕਲੇਗਾ। ਜ਼ਿਲ੍ਹਾ ਸੰਗਰੂਰ ’ਚ ਕੁੱਲ 9 ਲੱਖ 5 ਹਜ਼ਾਰ 831 ਵੋਟਰ ਹਨ ਜਿਨ੍ਹਾਂ ’ਚੋਂ 7 ਲੱਖ 6 ਹਜ਼ਾਰ 946 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਇਨ੍ਹਾਂ ਵੋਟਰਾਂ ਨੇ ਕਿਹੜੇ ਕਿਹੜੇ ਉਮੀਦਵਾਰਾਂ ਦੇ ਹੱਕ ਵਿਚ ਫਤਵਾ ਦਿੱਤਾ ਹੈ, ਇਸ ਬਾਰੇ ਭਲਕੇ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ।
ਜ਼ਿਲ੍ਹਾ ਸੰਗਰੂਰ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਦਿੱਗਜ ਆਗੂਆਂ ਦਾ ਸਿਆਸੀ ਵਕਾਰ ਦਾਅ ’ਤੇ ਲੱਗਿਆ ਹੋਇਆ ਹੈ ਜਿਨ੍ਹਾਂ ’ਚ ਧੂਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ, ਦਿੜ੍ਹਬਾ ਤੋਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਲਹਿਰਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੰਗਰੂਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਭਾਜਪਾ ਉਮੀਦਵਾਰ ਅਰਵਿੰਦ ਖੰਨਾ ਆਦਿ ਸ਼ਾਮਲ ਹਨ। ਇਸ ਵਾਰ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚ ਦੇ ਝੰਡੇ ਹੇਠ ਕਿਸਾਨ ਜਥੇਬੰਦੀਆਂ ਵੀ ਚੋਣ ਮੈਦਾਨ ’ਚ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਮਵੀਰ ਅਨੁਸਾਰ ਲਹਿਰਾ ਹਲਕੇ ਦਾ ਗਿਣਤੀ ਕੇਂਦਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਗਰਾਊਂਡ ਫਲੋਰ, ਬਰੜਵਾਲ ਧੂਰੀ ਵਿਖੇ ਬਣਾਇਆ ਗਿਆ ਹੈ ਜਿਸ ਦੀ ਵੋਟਿੰਗ ਗਿਣਤੀ ਦੇ ਕੁੱਲ 14 ਰਾਊਂਡ ਹੋਣਗੇ। ਦਿੜ੍ਹਬਾ ਹਲਕੇ ਦਾ ਗਿਣਤੀ ਕੇਂਦਰ ਵੀ ਇਸੇ ਸਕੂਲ ਦੀ ਪਹਿਲੀ ਮੰਜ਼ਿਲ ’ਤੇ ਬਣਾਇਆ ਗਿਆ ਹੈ ਜਿਸ ਦੀ ਵੋਟਿੰਗ ਗਿਣਤੀ ਦੇ ਕੁੱਲ 15 ਰਾਊਂਡ ਹੋਣਗੇ। ਸੁਨਾਮ ਹਲਕੇ ਦਾ ਗਿਣਤੀ ਕੇਂਦਰ ਵੀ ਇਸੇ ਸਕੂਲ ’ਚ +1 ਕਾਮਰਸ ਰੂਮ ਨੰਬਰ 1 ਅਤੇ 2 ਵਿਚ ਬਣਾਇਆ ਗਿਆ ਹੈ ਜਿਸ ਦੀ ਵੋਟਿੰਗ ਗਿਣਤੀ ਦੇ ਕੁੱਲ 15 ਰਾਊਂਡ ਹੋਣਗੇ। ਹਲਕਾ ਧੂਰੀ ਦਾ ਗਿਣਤੀ ਕੇਂਦਰ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਗਰਲਜ਼ ਹੋਸਟਲ ’ਚ ਬਣਾਇਆ ਹੈ ਜਿਸ ਵਿਚ ਗਿਣਤੀ ਦੇ 14 ਰਾਊਂਡ ਹੋਣਗੇ। ਇਸੇ ਤਰ੍ਹਾਂ ਸੰਗਰੂਰ ਹਲਕੇ ਦਾ ਗਿਣਤੀ ਕੇਂਦਰ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਮੈਨੇਜਮੈਂਟ ਬਲਾਕ ਪਹਿਲੀ ਮੰਜ਼ਿਲ ’ਤੇ ਰੂਮ ਨੰਬਰ 424, 25, 26 ਅਤੇ 27 ਵਿਚ ਬਣਾਇਆ ਗਿਆ ਹੈ। ਇਸ ਹਲਕੇ ਦੀਆਂ ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ।
ਵੱਡੇ-ਵੱਡੇ ਸਿਆਸੀ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ: ਚੀਮਾ
‘ਆਪ’ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਤੀਜੀ ਧਿਰ ਆਮ ਆਦਮੀ ਪਾਰਟੀ ਦੇ ਰੂਪ ਵਿਚ ਵੱਡੀ ਜਿੱਤ ਦਰਜ ਕਰਾਉਣ ਜਾ ਰਹੀ ਹੈ। ਰਵਾਇਤੀ ਪਾਰਟੀਆਂ ਦੇ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਇਹ ਵੀ ਪਹਿਲੀ ਵਾਰ ਹੋਵੇਗਾ ਜਦੋਂ ਵੱਡੇ ਵੱਡੇ ਸਿਆਸੀ ਦਿੱਗਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ।