ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 19 ਅਕਤੂਬਰ
ਖਾਧ ਸੁਰੱਖਿਆ ਵਿਭਾਗ ਦੀ ਇੱਕ ਵਿਸ਼ੇਸ਼ ਟੀਮ ਨੇ ਸਹਾਇਕ ਕਮਿਸ਼ਨਰ ਖਾਧ ਮੈਡਮ ਰਾਖੀ ਵਿਨਾਇਕ ਅਤੇ ਸੰਦੀਪ ਸਿੰਘ ਸੰਧੂ , ਖਾਧ ਸੁਰੱਖਿਆ ਅਫ਼ਸਰ ਦੀ ਅਗਵਾਈ ਹੇਠ ਸ਼ਹਿਰ ਦੀਆਂ ਮਠਿਆਈ ਦੀਆਂ ਵੱਖ ਵੱਖ ਦੁਕਾਨਾਂ ਅਤੇ ਰੈਸਟੋਰੈਂਟਾਂ ਤੋਂ ਰਸਗੁੱਲੇ, ਲੱਡੂ, ਮਿਲਕ ਕੇਕ, ਬਰਫੀ, ਦਹੀਂ ਆਦਿ ਦੇ ਨਮੂਨੇ ਭਰੇ। ਇਸ ਮੌਕੇ ਸਹਾਇਕ ਕਮਿਸ਼ਨਰ ਖਾਧ ਨੇ ਕਿਹਾ ਕਿ ਵਿਭਾਗ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਖਾਧ ਪਦਾਰਥਾਂ ਦੇ ਨਮੂਨੇ ਭਰੇ ਜਾ ਰਹੇ ਤਾਂ ਜੋ ਤਿਉਹਾਰਾਂ ਮੌਕੇ ਖ਼ਪਤਕਾਰਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰ ਆਪਣੇ ਮੁਨਾਫ਼ੇ ਖ਼ਾਤਰ ਮਿਲਾਵਟੀ ਖਾਧ ਪਦਾਰਥ ਵੇਚਦੇ ਹਨ ਜੋ ਗ਼ੈਰ ਇਖ਼ਲਾਕੀ ਕੰਮ ਹੈ।ਖਾਧ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਖ਼ਪਤਕਾਰ ਵੀ ਖਾਧ ਪਦਾਰਥ ਖ਼ਰੀਦਣ ਮੌਕੇ ਖਾਧ ਪਦਾਰਥਾਂ ਦੀ ਤਾਜ਼ਗੀ ਤੇ ਗੁਣਵੱਤਾ ਵੱਲ ਧਿਆਨ ਦੇਣ ਜੇਕਰ ਕੋਈ ਦੁਕਾਨਦਾਰ ਮਿਲਾਵਟੀ ਜਾਂ ਮਿਆਦ ਪੁੱਗ ਚੁੱਕੇ ਖਾਧ ਪਦਾਰਥ ਵੇਚਦਾ ਹੈ ਤਾਂ ਉਸ ਦੀ ਇਤਲਾਹ ਤੁਰੰਤ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਮਿਲਾਵਟਖੋਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਯਤਨਸ਼ੀਲ ਹੈ ਕਿ ਖ਼ਪਤਕਾਰਾਂ ਨੂੰ ਸ਼ੁੱਧ ਤੇ ਮਿਆਰੀ ਖਾਧ ਪਦਾਰਥ ਹੀ ਮੁਹੱਈਆ ਹੋਣ।