ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਫਰਵਰੀ
ਇੱਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਿਛਲੇ ਡੇਢ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਵੱਲੋਂ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਚੋਣ ਵਾਅਦੇ ਯਾਦ ਕਰਾਉਣ ਲਈ ਅੱਜ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਲਾਲ ਬੱਤੀ ਚੌਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫ਼ੂਕਦਿਆਂ ਪਿੱਟ ਸਿਆਪਾ ਕੀਤਾ ਗਿਆ।
ਆਗੂਆਂ ਦੱਸਿਆ ਕਿ ਬੇਰੁਜ਼ਗਾਰ ਬੀਤੀ 31 ਦਸੰਬਰ ਤੋਂ ਇੱਥੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਰੁਜ਼ਗਾਰ ਦੀ ਮੰਗ ਲਈ ਪੱਕਾ ਮੋਰਚਾ ਲਗਾਈ ਬੈਠੇ ਹਨ। ਬੇਰੁਜ਼ਗਾਰਾਂ ਵੱਲੋਂ ਪੱਕੇ ਮੋਰਚੇ ਤੋਂ ਇਲਾਵਾ ਸਰਕਾਰ ਵਿਰੁੱਧ ਪ੍ਰਚਾਰ ਮੁਹਿੰਮ ਵੀ ਵਿੱਢੀ ਹੋਈ ਹੈ ਜੋ ਵੱਖ-ਵੱਖ ਪਿੰਡਾਂ ਵਿੱਚ ਅਰਥੀ ਫ਼ੂਕ ਮੁਜ਼ਾਹਰੇ ਵੀ ਕਰ ਰਹੇ ਹਨ। ਅੱਜ ਨਗਰ ਕੌਂਸਲ ਚੋਣਾਂ ਦੌਰਾਨ ਬੇਰੁਜ਼ਗਾਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਤੇਜ਼ ਕਰਦਿਆਂ ਸ਼ਹਿਰ ਦੇ ਬਜ਼ਾਰਾਂ ਵਿਚ ਸਰਕਾਰ ਵਿਰੁੱਧ ਰੋਸ ਮਾਰਚ ਕੱਢਿਆ ਗਿਆ। ਮਾਰਚ ਦੌਰਾਨ ਬੇਰੁਜ਼ਗਾਰਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਚੇਤੇ ਕਰਵਾਇਆ।
ਮੋਰਚੇ ਦੇ ਆਗੂਆਂ ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝੁਨੀਰ, ਕ੍ਰਿਸ਼ਨ ਸਿੰਘ ਨਾਭਾ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਆਖਿਆ ਕਿ ਸਰਕਾਰ ਨੂੰ ਮੁੜ ਵੋਟਾਂ ਹਥਿਆਉਣ ਦੀ ਹੋੜ ਲੱਗੀ ਹੋਈ ਹੈ ਜਦਕਿ ਪਿਛਲੇ ਚੋਣ ਵਾਅਦੇ ਦੀ ਪੂਰਤੀ ਦੀ ਮੰਗ ਕਰਦੇ ਬੇਰੁਜ਼ਗਾਰ ਲੰਬੇ ਸਮੇਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੈਠ ਕੇ ਰੁਜ਼ਗਾਰ ਦੀ ਮੰਗ ਰਹੇ ਹਨ।
ਇਸ ਮੌਕੇ ਰਣਬੀਰ ਸਿੰਘ ਨਦਾਮਪੁਰ, ਸੰਦੀਪ ਸਿੰਘ ਗਿੱਲ, ਗਗਨਦੀਪ ਕੌਰ, ਅਮਨ ਸੇਖਾ, ਬਲਕਾਰ ਸਿੰਘ ਮਾਨਸਾ, ਗੁਰਵਿੰਦਰ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ, ਸੁਪਿੰਦਰ ਸਿੰਘ ਖੁਡਾਲ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਬਠਿੰਡਾ, ਗੁਰਤੇਜ ਸਿੰਘ, ਜਸਮੀਨ ਕੌਰ, ਮਨਪ੍ਰੀਤ ਕੌਰ, ਬਿੰਦਰਪਾਲ ਕੌਰ, ਗੁਰਪ੍ਰੀਤ ਕੌਰ, ਗਗਨਦੀਪ ,ਪ੍ਰਿਤਪਾਲ ਕੌਰ, ਅਮਨਦੀਪ ਸਿੰਘ ਬਾਵਾ, ਜਗਜੀਤ ਸਿੰਘ ਬਰਨਾਲਾ, ਖੁਸ਼ਦੀਪ ਸਿੰਘ ਅਤੇ ਕਿਰਨ ਈਸ਼ੜਾ ਆਦਿ ਹਾਜ਼ਰ ਸਨ।