ਖੇਤਰੀ ਪ੍ਰਤੀਨਿਧ
ਪਟਿਆਲਾ, 18 ਜੁਲਾਈ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਪੈਰਾ ਮੈਡੀਕਲ ਅਤੇ ਨਰਸਿੰਗ ਇੰਸਟੀਚਿਊਟ ਦੇ ਸਹਿਯੋਗ ਤਿਆਰ ਕੀਤੀਆਂ ਅੱਠ ਹੋਰ ਐਂਬੂਲੈਂਸਾਂ ਰਵਾਨਾ ਕੀਤੀਆਂ। ਇਸ ਨਾਲ ਜ਼ਿਲ੍ਹੇ ’ਚ ਅਜਿਹੀਆਂ ਐਂਬੂਲੈਂਸਾਂ ਦੀ ਗਿਣਤੀ 72 ਹੋ ਗਈ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਮਗਰੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਫੈਲਣ ਦੀ ਰੋਕਥਾਮ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਮਰੱਥ ਹੈ। ਟੀਮਾਂ ਦਿਨ ਰਾਤ ਪ੍ਰਭਾਵਿਤ ਖੇਤਰਾ ਵਿੱਚ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਭ ਤੋਂ ਜਰੂਰੀ ਸਾਫ਼ ਪੀਣ ਵਾਲ਼ਾ ਪਾਣੀ ਯਕੀਨੀ ਬਣਾਉਣ ਦੀ ਲੋੜ ਹੈ। ਇਸ ਲਈ ਭਾਵੇਂ ਕਿ ਪ੍ਰਸ਼ਾਸਨ ਦੇ ਵੱਖ ਵੱਖ ਵਿੰਗ ਡਟੇ ਹੋਏ ਹਨ ਪਰ ਇਸ ਪਾਣੀ ਨੂੰ ਹੋਰ ਦੁਰਸਤ ਕਰਨ ਲਈ ਸਿਹਤ ਵਿਭਾਗ ਵੱਲੋ ਪੰਜ ਲੱਖ ਗੋਲ਼ੀਆਂ ਵੰਡੀਆਂ ਜਾ ਚੁੱੱਕੀਆਂ ਹਨ, ਤਾਂ ਜੋ ਲੋਕਾਂ ਦੇ ਬਿਮਾਰ ਪੈਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਗੁੰਜਇਸ਼ ਨਾ ਰਹੇ। ਉਨ੍ਹਾਂ ਹੋਰ ਕਿਹਾ ਕਿ ਮਰੇ ਪਸ਼ੂਆਂ ਅਤੇ ਖਰਾਬ ਸਾਮਾਨ ਨੂੰ ਚੁੱਕਣ ਲਈ ਵੀ ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ। ਇਸ ਮੌਕੇ ਸਿਵਲ ਸਰਜਨ ਡਾ. ਰਮਿੰਦਰ ਕੌਰ, ਡਾ. ਜਤਿੰਦਰ ਕਾਂਸਲ ਤੇ ਮਹਾਂਮਾਰੀ ਰੋਕਥਾਮ ਮਾਹਿਰ ਡਾ. ਸੁਮੀਤ ਸਿੰਘ ਸਮੇਤ ਰਾਹੁਲ ਸੈਣੀ, ਕਰਨਲ ਜੇਵੀ ਸਿੰਘ, ਬਲਵਿੰਦਰ ਸੈਣੀ, ਸਰਪੰਚ ਗੁਰਕਿਰਪਾਲ ਕਸਿਆਣਾ ਵੀ ਮੌਜੂਦ ਸਨ।
ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸਿਹਤ ਵਿਭਾਗ ਦੀਆਂ 34 ਟੀਮਾਂ ਸਰਗਰਮ
ਸੰਗਰੂਰ/ਮੂਨਕ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਮੂਨਕ ਤੇ ਖਨੌਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਨੀਵਾਂ ਹੋ ਰਿਹਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਹੜ੍ਹਾਂ ਦੇ ਪਾਣੀ ਨਾਲ ਘਿਰੇ ਰਹਿਣ ਵਾਲੇ ਲੋਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਦੀਆਂ 34 ਟੀਮਾਂ ਇਨ੍ਹਾਂ ਇਲਾਕਿਆਂ ਵਿੱਚ ਸਰਗਰਮ। ਇਸ ਸਬੰਧੀ ਵੱਖ ਵੱਖ ਥਾਈਂ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵੀ ਸਥਿਤੀਆਂ ਬਾਰੇ ਪਹਿਲਾਂ ਤੋਂ ਹੀ ਚੌਕਸ ਕਰਦਿਆਂ ਢੁਕਵੇਂ ਕਦਮ ਚੁੱਕਣ ਦੀ ਹਦਾਇਤ ਕਰ ਦਿੱਤੀ ਗਈ ਸੀ ਜਿਸ ਕਾਰਨ ਸਿਵਲ ਸਰਜਨ ਸਮੇਤ ਸੀਨੀਅਰ ਮੈਡੀਕਲ ਅਫ਼ਸਰ ਮੂਨਕ ਤੇ ਖਨੌਰੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਸ਼ਹਿਰਾਂ ਵਿੱਚ 24 ਘੰਟੇ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲੋੜੀਂਦੀਆਂ ਦਵਾਈਆਂ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੂਨਕ, ਲਹਿਰਾ ਅਤੇ ਸੁਨਾਮ ਦੇ ਹਸਪਤਾਲਾਂ ਵਿੱਚ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਿਪਟਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡਾ. ਪਰਮਿੰਦਰ ਕੌਰ ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।