ਬੀਰਬਲ ਰਿਸ਼ੀ
ਸ਼ੇਰਪੁਰ, 28 ਜੁਲਾਈ
ਇੱਥੇ ਇੱਕ ਫਾਇਨਾਂਸਰ ਵੱਲੋਂ ਕੀਤੇ ਕਥਿਤ ਦੁਰਵਿਹਾਰ ਤੇ ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ਵਿੱਚ ਪੁਲੀਸ ਦੀ ਕਾਰਜ਼ੁਗਾਰੀ ਤੇ ਖੱਜਲ-ਖੁਆਰੀ ਤੋਂ ਅੱਕ ਕੇ ਪਿੰਡ ਮਾਹਮਦਪੁਰ ਦੇ ਟਾਵਰ ’ਤੇ ਚੜ੍ਹੇ ਸਾਬਕਾ ਸਰਪੰਚ ਗੁਰਮੀਤ ਸਿੰਘ ਫੌਜੀ ਦੀ ਟਾਵਰ ’ਤੇ ਸਿਹਤ ਖਰਾਬ ਹੋਣ ਲੱਗੀ ਕਿਉਂਕਿ ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ।
ਜਾਣਕਾਰੀ ਅਨੁਸਾਰ ਬੀਕੇਯੂ ਡਕੌਂਦਾ ਦੇ ਕਾਰਕੁਨਾਂ ਵੱਲੋਂ ਆਪਣੀ ਜਥੇਬੰਦੀ ਦੇ ਮੈਂਬਰ ਉਕਤ ਆਗੂ ਦੇ ਹੱਕ ਵਿੱਚ ਟਾਵਰ ਹੇਠਾਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਟਾਵਰ ’ਤੇ ਸਾਬਕਾ ਸਰਪੰਚ ਦੀ ਸਿਹਤ ਖਰਾਬ ਹੋਣ ਕਾਰਨ ਜਿੱਥੇ ਪਰਿਵਾਰਕ ਮੈਂਬਰਾਂ ਵਿੱਚ ਪ੍ਰੇਸ਼ਾਨੀ ਦਾ ਆਲਮ ਹੈ, ਉੱਥੇ ਡੀਐੱਸਪੀ ਧੂਰੀ ਨਾਲ ਹੋਈ ਮੀਟਿੰਗ ਟੁੱਟ ਜਾਣ ਮਗਰੋਂ ਇਹ ਮਾਮਲਾ ਪੁਲੀਸ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਿਆ ਹੋਇਆ ਸੀ। ਮਾਮਲੇ ਦੇ ਨਿਪਟਾਰੇ ਲਈ ਉੱਚ ਅਧਿਕਾਰੀਆਂ ਦੀ ਸਹਿਮਤੀ ਨਾਲ ਪਿੰਡ ਮਾਹਮਦਪੁਰ ਪੁੱਜੇ ਨਵ-ਨਿਯੁਕਤ ਐੱਸਐੱਚਓ ਸ਼ੇਰਪੁਰ ਬਲਵੰਤ ਸਿੰਘ ਬਲਿੰਗ ਨੇ ਉੱਚ ਅਧਿਕਾਰੀਆਂ ਦੇ ਹਵਾਲੇ ਨਾਲ ਫਾਇਨਾਂਸਰ ’ਤੇ ਕਾਰਵਾਈ ਲਈ ਇੱਕ ਹਫ਼ਤੇ ਦਾ ਸਮਾਂ ਮੰਗਦਿਆਂ ਇਨਸਾਫ਼ ਦਾ ਭਰੋਸਾ ਦੇ ਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਫੌਜੀ ਨੂੰ ਟਾਵਰ ਤੋਂ ਉਤਾਰ ਲਿਆ। ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾਂ ਨੇ ਹਾਲ ਦੀ ਘੜੀ ਪੁਲੀਸ ਕਾਰਵਾਈ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਿਹਾ ਕਿ ਜੇਕਰ ਨੇੜਲੇ ਭਵਿੱਖ ’ਚ ਪੁਲੀਸ ਦਾ ਇਨਸਾਫ਼ ਦੇਣ ਦਾ ਵਾਅਦਾ ਵਫ਼ਾ ਨਾ ਹੋਇਆ ਤਾਂ ਇਸ ਮਾਮਲੇ ਨੂੰ ਜਥੇਬੰਦੀ ਆਪਣੇ ਹੱਥ ਲੈ ਕੇ ਲੜਾਈ ਲੜੇਗੀ।