ਮੁਕੰਦ ਸਿੰਘ ਚੀਮਾ
ਸੰਦੌੜ, 13 ਅਕਤੂਬਰ
ਦੇਸ਼ ਦੀ ਵੰਡ ਵੇਲੇ ਦੋ ਵਿਛੜੇ ਪਰਿਵਾਰਾਂ ਦਾ ਮੁੱਦਤਾਂ ਬਾਅਦ ਜਦੋਂ ਦੁਬਾਰਾ ਮੇਲ ਹੋਇਆ ਤਾਂ ਪਰਿਵਾਰਾਂ ਦੇ ਜੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਤੇ ਦੋਵੇਂ ਪਰਿਵਾਰਾਂ ’ਚ ਵਿਆਹ ਵਰਗਾ ਮਾਹੌਲ ਸੀ। ਦੋ ਪਰਿਵਾਰਾਂ ਦੇ ਆਪਸੀ ਮੇਲ ਦਾ ਇਹ ਸਬੱਬ ਪਿੰਡ ਫਰਵਾਲੀ ’ਚ ਬਣਿਆ ਜਦੋਂ 47 ਦੀ ਵੰਡ ਤੋਂ ਬਾਅਦ 73 ਵਰ੍ਹਿਆਂ ਬਾਅਦ ਦੋ ਪਰਿਵਾਰਾਂ ਨੇ ਆਪਸ ’ਚ ਗੱਲਵਕੜੀ ਪਾਈ। ਤਹਿਸੀਲ ਬਾਘਾਪੁਰਾਣਾ ਦੇ ਪਿੰਡ ਠੱਠੀ ਭਾਈ ਕੇ ਤੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਫਰਵਾਲੀ ’ਚ ਰਹਿੰਦੇ ਦੋ ਪਰਿਵਾਰਾਂ ਦਾ 73 ਵਰ੍ਹਿਆਂ ਬਾਅਦ ਜਾ ਕੇ ਮੇਲ ਹੋਇਆ। ਪਿੰਡ ਠੱਠੀ ਭਾਈ ਕੇ ਦੇ ਵਸਨੀਕ ਸੁਖਦੇਵ ਸਿੰਘ ਤੇ ਸੇਵਾਮੁਕਤ ਡੀਐੱਸਪੀ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਮਰ ਸਿੰਘ ਤਿੰਨ ਭਰਾ ਸਨ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਨ੍ਹਾਂ ਦੇ ਪਿਤਾ 13 ਸਾਲ ਦੇ ਸਨ। ਵੰਡ ਵੇਲੇ ਉਨ੍ਹਾਂ ਦੇ ਪਿਤਾ ਆਪਣੇ ਪਰਿਵਾਰ ਸਣੇ ਪਾਕਿਸਤਾਨ ਦੇ ਪੰਜਾਬ ’ਚ ਰਹਿੰਦੇ ਸਨ। ਬਟਵਾਰੇ ਤੋਂ ਬਾਅਦ ਉਹ ਪਾਕਿਸਤਾਨ ਤੋਂ ਚੱਲ ਕੇ ਪਿੰਡ ਠੱਠੀ ਭਾਈਕੇ ਆ ਕੇ ਰਹਿਣ ਲੱਗ ਪਏ ਜਿਨ੍ਹਾਂ ’ਚੋਂ ਉਨ੍ਹਾਂ ਦਾ ਤਾਇਆ ਖੇਮਾ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਫਰਵਾਲੀ ਆ ਕੇ ਰਹਿਣ ਲੱਗ ਪਿਆ। ਸਾਧਨ ਘੱਟ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਤਾਇਆ ਖੇਮਾ ਸਿੰਘ ਦੇ ਪੱਕੇ ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ। ਮਾਸਟਰ ਯੁੱਧਵੀਰ ਸਿੰਘ ਠੱਠੀ ਭਾਈਕੇ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਵਿਛੜੇ ਪਰਿਵਾਰ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਫਰਵਾਲੀ ਰਹਿੰਦੇ ਖੇਮਾ ਸਿੰਘ ਦੇ ਪਰਿਵਾਰ ਬਾਰੇ ਕਿਸੇ ਤੋਂ ਪਤਾ ਲੱਗਿਆ। ਉਧਰ, ਪਿੰਡ ਫਰਵਾਲੀ ਰਹਿੰਦੇ ਖੇਮਾ ਸਿੰਘ ਦੇ ਪਰਿਵਾਰਕ ਮੈਂਬਰ ਸੁਖਵਿੰਦਰ ਸਿੰਘ ਛਿੰਦੀ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਦੀ ਮੌਤ ਮਗਰੋਂ ਉਹ ਵਿਛੜ ਚੁੱਕੇ ਪਰਿਵਾਰ ਨੂੰ ਭੁੱਲ ਗਏ ਸਨ ਪਰ ਜਦੋਂ ਵਿਛੜੇ ਪਰਿਵਾਰ ਦੇ ਮੈਂਬਰਾਂ ਦਾ ਪਿੰਡ ਫਰਵਾਲੀ ਆਉਣ ਬਾਰੇ ਪਤਾ ਲੱਗਿਆ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।