ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 23 ਜੁਲਾਈ
ਬੀਤੇ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਜਿਥੇ ਵੱਖ-ਵੱਖ ਪਿੰਡਾਂ ਅੰਦਰ ਕਿਸਾਨਾਂ ਦੀ ਝੋਨੇ ਦੀ ਫਸਲ ਬੁਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣ ਕਾਰਨ ਖਰਾਬ ਹੋਣ ਦਾ ਖਦਸ਼ਾ ਬਣਿਆ ਹੋਇਆ ਪਿਆ ਹੈ, ਉਥੇ ਪਿੰਡ ਬਹਾਦਰਪੁਰ ਦੇ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਮਨਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਦੇ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਉਸਦਾ ਕਾਫੀ ਨੁਕਸਾਨ ਹੋ ਗਿਆ ਹੈ। ਮਨਿੰਦਰ ਸਿੰਘ ਬਹਾਦਰਪੁਰ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਗਰੈਜੂਏਟ ਦੀ ਪੜ੍ਹਾਈ ਕਰਨ ਉਪਰੰਤ ਪਹਿਲਾਂ ਤੋਂ ਹੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਹਾਂ ਅਤੇ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਹੁਣ ਆਹ ਇਕ ਕਮਰੇ ਵਿੱਚ ਗੁਜਾਰਾ ਕਰ ਰਿਹਾ ਸੀ। ਇਹ ਵੀ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਤੇਜ਼ ਬਰਸਾਤ ਕਾਰਨ ਕਮਰੇ ਦੀ ਛੱਤ ਡਿੱਗ ਪਈ। ਇਹ ਛੱਤ ਡਿੱਗਣ ਕਾਰਨ ਉਸ ਦਾ ਬੇਸ਼ੱਕ ਜਾਨੀ ਨੁਕਸਾਨ ਹੋਣੋਂ ਬਚ ਗਿਆ ਹੈ, ਪਰ ਕਮਰੇ ਵਿੱਚ ਪਈ ਪੇਟੀ, ਅਲਮਾਰੀ, ਕਣਕ ਵਾਲਾ ਢੋਲ, ਕਪੜੇ ਆਦਿ ਤੋਂ ਇਲਾਵਾ ਹੋਰ ਕਮਰੇ ਵਿੱਚ ਪਿਆ ਘਰੇਲੂ ਵਰਤੋਂ ਵਾਲਾ ਸਾਰਾ ਸਾਮਾਨ ਬਰਸਾਤ ਦੇ ਪਾਣੀ ਨਾਲ ਖਰਾਬ ਹੋ ਗਿਆ ਹੈ। ਪਿੰਡ ਦੇ ਮੋਹਤਬਰ ਵਿਅਕਤੀ ਬਾਬਾ ਦਰਸਨ ਸਿੰਘ, ਦੀਦਾਰ ਸਿੰਘ, ਗੁਰਜੀਤ ਸਿੰਘ ਤੇ ਹੋਰ ਵਿਅਕਤੀਆਂ ਵੱਲੋਂ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕਿ ਬਾਰਸ਼ ਦੇ ਪਾਣੀ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।