ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਅਕਤੂਬਰ
ਕਾਰੋਨਾ ਮਹਾਂਮਾਰੀ ਦੇ ਮੁਕਾਬਲੇ ਢਿੱਡ ਦੀ ਭੁੱਖ ਨੂੰ ਲੈ ਕੇ ਬਿਹਾਰ ਦੇ ਪਰਵਾਸੀ ਮਜ਼ਦੂਰਾਂ ਦੀਆਂ ਟੋਲੀਆਂ ਭਾਰੀ ਪੈਸੇ ਖਰਚ ਕੇ ਪੰਜਾਬ ਵੱਲ ਵਹੀਰਾ ਘੱਤਣ ਲੱਗੇ ਹਨ। ਉਨ੍ਹਾਂ ਦਾ ਤਰਕ ਹੈ ਕਿ ਢਿੱਡ ਦੀ ਭੁੱਖ ਕਾਰੋਨਾ ਤੋਂ ਵੱਧ ਮਾਰੂ ਹੈ। ਇਸੇ ਕਰਕੇ ਉਹ ਬਿਹਾਰ ਦੇ ਸਰਮਾਏਦਾਰਾਂ/ ਪੂਜੀਪਤੀਆਂ/ਜਿੰਮੀਦਾਰਾਂ ਤੋਂ ਮੋਟੇ ਵਿਆਜ ’ਤੇ ਕਰਜ਼ੇ ਲੈ ਕੇ ਕੰਮ ਲਈ ਪੰਜਾਬ ਆਉਣ ਲਈ ਮੁੜ ਮਜ਼ਬੂਰ ਹੋ ਰਹੇ ਹਨ। ਇਥੇ ਅਨਾਜ ਮੰਡੀ ’ਚ ਬਿਹਾਰ ਦੇ ਰਈਆਂ ਜ਼ਿਲ੍ਹੇ ਤੋਂ ਪਹੁੰਚੇ ਮਜ਼ਦੂਰ ਖੁਰਸ਼ੀਦ, ਜ਼ਿਲ੍ਹਾ ਆੜ੍ਹਤੀ ਦੇ ਪਿੰਡ ਦੁਰਗਾਪੁਰ ਦੇ ਰੋਜੀਤ ਮੁਹੰਮਦ, ਮੁਹੰਮਦ ਤਿਆਸੀ, ਮੁਹੰਮਦ ਤਿਰਾਜ, ਦੀਪਕ, ਸਤੀਸ਼, ਸੰਤੋਸ਼, ਰੋਸ਼ਨ ਤੇ ਸ਼ੰਕਰ ਆਦਿ ਨੇ ਦੱਸਿਆ ਕਿ ਉਹ ਬਿਹਾਰ ਤੋਂ ਬੱਸਾਂ ਰਾਹੀਂ ਵੀਹ ਬੰਦੇ 28-30 ਹਜ਼ਾਰ ਰੁਪਏ ਵਿੱਚ ਸਫਰ ਕਰਕੇ ਇਥੇ ਪਹੁੰਚੇ ਹਨ। ਜਦੋਂਕਿ ਪਹਿਲਾਂ ਉਹ ਪੰਜ ਸੌ ਰੁਪਏ ਖਰਚ ਕੇ ਪੰਜਾਬ ਦੇ ਸੀਜ਼ਨ ਲਈ ਆਉਂਦੇ ਸਨ। ਲੌਕਡਾਊਨ ਵੇਲੇ ਵਾਪਸ ਜਾਣ ਸਮੇਂ ਪੈਦਲ ਤੇ ਹਜ਼ਾਰਾਂ ਰੁਪਏ ਖਰਚਕੇ ਆਪਣੇ ਘਰਾਂ ’ਚ ਪਹੁੰਚੇ ਸਨ।
ਉਧਰ, ਇਥੋਂ ਦੇ ਆੜ੍ਹਤੀ ਨੇ ਬਿਹਾਰ ਤੋਂ 16 ਵਿਅਕਤੀਆਂ ਲਈ ਇੱਕ ਟਰੈਕਸ ਗੱਡੀ ਕਿਰਾਏ ’ਤੇ ਕਰਕੇ ਪੰਜਾਹ ਹਜ਼ਾਰ ’ਚ ਭੇਜੀ ਹੈ। ਖੁਰਸ਼ੀਦ ਨੇ ਦੱਸਿਆ ਕਿ ਇੱਕ ਮਜ਼ਦੂਰ ਨੂੰ ਬਿਹਾਰ ਤੋ ਝੋਨੇ ਦੀ ਆਮਦ ਪੱਖੇ ਨਾਲ ਸਾਫ਼ ਸਫ਼ਾਈ, ਬੋਰੀ ਭਰਾਈ, ਸਿਲਾਈ, ਰਾਤ ਦੀ ਚੌਕੀਦਾਰੀ ਤੇ ਢੋਆ ਢੁਆਈ ਕਰਦੇ ਹਨ ਤਾਂ ਹੀ ਉਨ੍ਹਾਂ ਦੀ ਟੀਮ ਨੂੰ 14 ਰੁਪਏ ਬੋਰੀ ਮਿਲਦੀ ਹੈ।
ਉਨ੍ਹਾਂ ਅਨਾਜ ਮੰਡੀ ’ਚ ਮਜ਼ਦੂਰਾਂ ਲਈ ਪਖਾਨੇ, ਪੀਣ ਵਾਲਾ ਪਾਣੀ, ਨਹਾਉਣ ਦਾ ਕੋਈ ਪ੍ਰਬੰਧ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਖੁਲ੍ਹੇ ’ਚ ਜਾਣਾ ਪੈਂਦਾ ਹੈ। ਬਿਹਾਰੀ ਮਜ਼ਦੂਰਾਂ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਕੋਲ ਪੰਜ ਪੰਜ ਏਕੜ ਜ਼ਮੀਨ ਹੈ ਪਰ ਬੱਚਤ ਕੋਈ ਨਾ ਹੋਣ ਕਰਕੇ ਪੰਜਾਬ ਆ ਕੇ ਮਜ਼ਦੂਰੀ ਕਰਦੇ ਹਨ। ਬਿਹਾਰੀ ਦਿਹਾੜੀਦਾਰ ਪ੍ਰਧਾਨ ਮੰਤਰੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕੰਮਕਾਰ ਤੋਂ ਨਾਖੁਸ਼ ਹਨ। ਉਹ ਹਜ਼ਾਰਾਂ ਰੁਪਏ ਖਰਚਕੇ ਬਿਹਾਰ ਗਏ ਸਨ ਪਰ ਉਥੇ ਕੋਈ ਕੰਮ ਜਾਂ ਮਨਰੇਗਾ ਵਰਗੀ ਕੋਈ ਯੋਜਨਾ ਨਹੀਂ ਹੈ।