ਪੱਤਰ ਪ੍ਰੇਰਕ
ਡਕਾਲਾ, 4 ਜੁਲਾਈ
ਮੀਂਹਾਂ ਕਾਰਨ ਐਤਕੀਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ| ਇਸ ਰੁੱਤ ਦੀਆਂ ਕਈ ਅਜਿਹੀਆਂ ਸਬਜ਼ੀਆਂ ਵੀ ਹਨ ਜਿਨ੍ਹਾਂ ਦੀ ਖ਼ਰੀਦ ਤੋਂ ਲੋਕ ਬੇਵੱਸ ਹੋ ਗਏ ਹਨ| ਅਦਰਕ ਜਿਹੜਾ 80 ਤੋਂ 100 ਰੁਪਏ ਕਿਲੋ ਤੱਕ ਵਿਕ ਰਿਹਾ ਸੀ, ਹੁਣ ਸਵਾ ਚਾਰ ਸੌ ਰੁਪਏ ਕਿਲੋ ਨੂੰ ਜਾ ਢੁਕਿਆ ਹੈ| ਸਬਜ਼ੀਆਂ ਦੇ ਭਾਅ ਨੇ ਰਸੋਈ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ|
ਪ੍ਰਾਪਤ ਵੇਰਵਿਆਂ ਮੁਤਾਬਕ ਕੱਦੂ (ਘੀਆ) ਜਿਹੜਾ 10 ਤੋਂ 15 ਕੁ ਰੁਪਏ ਕਿਲੋ ਵਿਕਦਾ ਸੀ, ਹੁਣ 40 ਤੋਂ 50 ਰੁਪਏ ਨੂੰ ਹੋ ਚੁੱਕਿਆ ਹੈ| ਪੇਠਾ ਵੀ ਸੈਂਕੜਾ ਪਾਰ ਕਰ ਗਿਆ ਹੈ| ਸ਼ਿਮਲਾ ਮਿਰਚ ਐਤਕੀਂ ਜਿਹੜੀ ਪਹਿਲਾਂ ਸਸਤੀ ਵਿਕ ਰਹੀ ਸੀ, 40 ਤੋਂ 50 ਰੁਪਏ ਕਿਲੋ ਹੋ ਗਈ ਹੈ| ਕਰੇਲੇ ਤੇ ਬੈਂਗਣ ਵੀ 40 ਤੋਂ 50 ਰੁਪਏ ਕਿਲੋ ਵਿਕ ਰਹੇ ਹਨ| ਨਿੰਬੂ 150 ਰੁਪਏ ਕਿਲੋ ਵਿਕਣ ਲੱਗਿਆ ਹੈ| ਪਿਆਜ਼ ਵੀ 25 ਤੋਂ 30 ਰੁਪਏ ਕਿਲੋ ਹੋ ਗਏ ਹਨ|
ਸਬਜ਼ੀ ਵਪਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਕਾਰਨ ਸਪਲਾਈ ਪ੍ਰਭਾਵਿਤ ਹੋਣ ਕਰ ਕੇ ਭਾਅ ਵਧਣ ਲੱਗੇ ਹਨ| ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਸਬਜ਼ੀਆਂ ਵਾਹ ਕੇ ਝੋਨਾ ਲਗਾ ਲਿਆ ਹੈ ਜਿਸ ਕਰ ਕੇ ਸਬਜ਼ੀ ਦੀ ਥੁੜ੍ਹ ਹੋ ਗਈ ਹੈ|