ਬੀਰਬਲ ਰਿਸ਼ੀ
ਸ਼ੇਰਪੁਰ, 27 ਜੂਨ
ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਕਿਸਾਨਾਂ ਦੇ ਕੋਆਪਰੇਟਿਵ ਬੈਂਕਾਂ ’ਚ ਖਾਤੇ ਨਾ ਖੋਲ੍ਹਣ, ਖੋਲ੍ਹੇ ਗਏ ਖਾਤਿਆਂ ਦੀਆਂ ਚੈੱਕ ਬੁੱਕਾਂ ਜਾਰੀ ਨਾ ਕਰਨ ਅਤੇ ਹੱਕੀ ਹੱਦ ਕਰਜ਼ੇ ਜਾਰੀ ਨਾ ਕਰਨ ਖ਼ਿਲਾਫ਼ ਹੁਣ ਲੋਕ ਸੰਘਰਸ਼ ਕਮੇਟੀ ਸੰਘਰਸ਼ ਸ਼ੁਰੂ ਕਰੇਗੀ। ਕਮੇਟੀ ਨੇ ਇਸ ਨੂੰ ਕਿਸਾਨੀ ਦਾ ਵੱਡਾ ਮੁੱਦਾ ਕਰਾਰ ਦਿੰਦਿਆ ਲਾਮਬੰਦੀ ਲਈ 28 ਜੂਨ ਤੋਂ 30 ਜੂਨ ਤੱਕ ਸੁਸਾਇਟੀਆਂ ਨਾਲ ਸਬੰਧਤ ਕਿਸਾਨਾਂ ਨਾਲ ਮੀਟਿੰਗਾਂ ਕਰਨ ਮਗਰੋਂ 1 ਜੁਲਾਈ ਤੋਂ ਤਿੱਖਾ ਸੰਘਰਸ਼ ਅਰੰਭਣ ਦੇ ਸੰਕੇਤ ਦਿੱਤੇ ਹਨ। ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਕੋਆਪਰੇਟਿਵ ਬੈਂਕਾਂ ਵਿੱਚ ਜ਼ੁਬਾਨੀ ਜਾਰੀ ਹੁੰਦੀਆਂ ਕਿਸਾਨ ਵਿਰੋਧੀ ਹਦਾਇਤਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਅਤੇ ਸੁਸਾਇਟੀਆਂ ਦੇ ਸਮੂਹ ਮੈਂਬਰ ਸੈਂਕੜੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਕਿਸਾਨਾਂ ਨੂੰ ਸੰਘਰਸ਼ਾਂ ਲਈ ਤਿਆਰ ਕਰਨ ਦੇ ਮੱਦੇਨਜ਼ਰ 28 ਜੂਨ ਨੂੰ ਉਹ ਘਨੌਰ ਕਲਾਂ ਵਿੱਚ ਪਹਿਲੀ ਮੀਟਿੰਗ ਕਰਨਗੇ। ਇਸ ਤੋਂ ਬਾਅਦ ਹੋਰ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਦਿ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਸੰਗਰੂਰ ਦੇ ਡੀਐੱਮ ਅਰਮਿੱਤ ਸਿੰਗਲਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੇ ਅੰਕੜਿਆਂ ’ਤੇ ਨਿਗਾਹ ਮਾਰੀਏ ਤਾਂ ਕਰਜ਼ਾ ਹਰ ਸਾਲ ਦੋ ਤਰ੍ਹਾਂ ਨਾਲ ਵੱੱਧਦਾ ਹੈ। ਇੱਕ ਤਾਂ ਮੈਂਬਰ ਵੱਧ ਜਾਣ ਨਾਲ ਤੇ ਦੂਜਾ ਰਜਿਸਟਰਾਰ ਦੇ ਸਕੇਲ ਆਫ਼ ਫਾਇਨਾਂਸ ਦੇ ਮੱਦੇਨਜ਼ਰ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਬੈਂਕ ਤੋਂ ਮੈਂਬਰਾਂ ਦੇ ਖਾਤਿਆਂ ਦੀਆਂ ਸੂਚੀਆਂ ਮੰਗ ਰਹੇ ਹਨ ਪਰ ਸਾਰੇ ਹੀ ਕਿਸਾਨਾਂ ਦੇ ਬਕਾਇਆ ਰਹਿੰਦੇ ਖਾਤੇ ਅੱਜ ਭਲਕ ਖੁੱਲ੍ਹ ਜਾਣਗੇ।