ਪੱਤਰ ਪ੍ਰੇਰਕ
ਸ਼ੇਰਪੁਰ, 9 ਅਗਸਤ
ਪਿੰਡ ਕਾਲਾਬੂਲਾ ’ਚ ਕਾਤਰੋਂ ਕੱਚੇ ਰਸਤੇ ਨੇੜਲੇ ਓਵਰਫਲੋ ਹੋਏ ਟੋਭੇ ਦਾ ਪਾਣੀ ਪਿੰਡ ਦੇ ਵਾਟਰ ਵਰਕਸ ਨੇੜਲੇ ਟੋਭੇ ਵਿੱਚ ਪਾਏ ਜਾਣ ਦੀ ਮੁਢਲੀ ਪ੍ਰਕਿਰਿਆ ਦੌਰਾਨ ਹੀ ਅੱਜ ਪਿੰਡ ਦੀ ਇੱਕ ਧਿਰ ਨੇ ਤਿੱਖਾ ਵਿਰੋਧ ਕਰਦਿਆਂ ਪੰਚਾਇਤੀ ਨੁਮਾਇੰਦਿਆਂ ਨੂੰ ਇਹ ਫੈਸਲਾ ਰੱਦ ਕਰਨ ਦੀ ਸਲਾਹ ਦਿੱਤੀ। ਦਵਿੰਦਰ ਸਿੰਘ ਕਾਲਾਬੂਲਾ, ਗੁਰਮੇਲ ਸਿੰਘ, ਜਰਨੈਲ ਸਿੰਘ ਅਤੇ ਬੰਤ ਸਿੰਘ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਮੌਜੂਦਾ ਓਵਰਫਲੋ ਟੋਭੇ ਦੇ ਪਾਣੀ ਨੂੰ ਕਾਤਰੋਂ ਵਾਲੇ ਕੱਚੇ ਪਹੇ ’ਤੇ ਮੌਜੂਦ ਪੰਚਾਇਤੀ ਜਗ੍ਹਾ ’ਤੇ ਬਣੇ ਇੱਕ ਹੋਰ ਟੋਭੇ ਵਿੱਚ ਪਾਏ ਜਾਣ ਲਈ ਜ਼ਮੀਨਦੋਜ਼ ਪਾਈਪ ਲਾਈਨ ਪਾਈ ਹੋਈ ਹੈ। ਮੌਜੂਦਾ ਸਰਪੰਚ ਤੇ ਪੰਚਾਇਤ ਪਹਿਲਾਂ ਹੀ ਲੱਖਾਂ ਦੀ ਲਾਗਤ ਨਾਲ ਪਈ ਪਾਈਪ ਲਾਈਨ ਨੂੰ ਖੁੱਲ੍ਹਵਾਏ ਜਾਣ ਦੀ ਥਾਂ ਕਈ ਗੁਣਾ ਜ਼ਿਆਦਾ ਖਰਚਾ ਕਰਕੇ ਓਵਰਫਲੋ ਟੋਭੇ ਦਾ ਪਾਣੀ ਵਾਟਰ ਵਰਕਸ ਨੇੜਲੇ ਥਾਂ ਵਿੱਚ ਪਾਉਣ ਲਈ ਬਜ਼ਿੱਦ ਹਨ। ਉਧਰ ਐਸਸੀ ਭਾਈਚਾਰੇ ਵੱਲੋਂ ਰਣਜੀਤ ਸਿੰਘ ਨੇ ਕਿਹਾ ਕਿ ਓਵਰਫਲੋ ਟੋਭੇ ਨੇੜਲੇ ਮਜ਼ਦੂਰਾਂ ਦੇ ਘਰਾਂ ਵੜ੍ਹਦੇ ਪਾਣੀ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ, ਜਿਸ ਕਰਕੇ ਉਹ ਪਾਣੀ ਦਾ ਬਦਲਵਾਂ ਪ੍ਰਬੰਧ ਕਰਨ ਦੇ ਹੱਕ ਵਿੱਚ ਹਨ।
ਸਰਪੰਚ ਨੇ ਦੋਸ਼ ਨਕਾਰੇ
ਪਿੰਡ ਕਾਲਾਬੂਲਾ ਦੇ ਸਰਪੰਚ ਸੁਖਦੇਵ ਸਿੰਘ ਬਿੰਨੜ ਨੇ ਦੋਸ਼ ਨਕਾਰਦਿਆਂ ਕਿਹਾ ਕਿ ਜਿਹੜਾ ਟੋਭਾ ਓਵਰਫਲੋ ਹੈ ਉਸ ਦੇ ਨੇੜੇ ਐਸਸੀ ਭਾਈਚਾਰੇ ਦੇ ਘਰ ਹਨ ਅਤੇ ਉਹ ਟੋਭਾ ਬਹੁਤ ਛੋਟਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਟੋਭੇ ਵਿੱਚ ਵਾਟਰ ਵਰਕਸ ਨੇੜੇ ਪਾਣੀ ਪਾਇਆ ਜਾਣਾ ਹੈ ਉਹ ਅੱਠ ਦਸ ਵਿੱਘੇ ਥਾਂ ਵਿੱਚ ਹੈ ਅਤੇ ਪਹਿਲਾਂ ਵੀ ਉਸ ਵਿੱਚ 50-55 ਘਰਾਂ ਦਾ ਪਾਣੀ ਪੈ ਰਿਹਾ ਹੈ। ਸ੍ਰੀ ਬਿੰਨੜ ਨੇ ਕਿਹਾ ਕਿ ਪਾਈਪ ਲਾਈਨ ਪਹਿਲਾਂ ਤਿੰਨ ਵਾਰ ਸਾਫ ਕਰਵਾਈ ਜਾ ਚੁੱਕੀ ਹੈ ਤੇ ਇਹ ਪੱਕਾ ਹੱਲ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਣੀ ਵਾਟਰ ਵਰਕਸ ਨੇੜਲੇ ਟੋਭੇ ਵਿੱਚ ਹੀ ਪਾਉਣਗੇ।