ਰਮੇਸ਼ ਭਾਰਦਵਾਜ
ਲਹਿਰਾਗਾਗਾ,23 ਮਈ
ਇੱਥੇ ਅੱਜ ਨਗਰ ਕੌਂਸਲ ਦਫ਼ਤਰ ਅੱਗੇ ਸਫ਼ਾਈ ਕਰਮਚਾਰੀਆਂ ਨੇ ਅਣਮਿੱਥੇ ਸਮੇਂ ਦੀ ਹੜਤਾਲ ਗਿਆਰਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਧਰਨਾਕਾਰੀਆਂ ਨੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜਿਲਾ ਰਾਮ, ਅਵਤਾਰ ਸਿੰਘ, ਸੁਰੇਸ਼ ਕੁਮਾਰ, ਨੀਲ ਕਮਲ, ਰਾਮ ਸਿੰਘ, ਬਾਬੂ ਆਦਿ ਨੇ ਦੱਸਿਆ ਕਿ ਅੱਜ ਹੜਤਾਲ ਦੌਰਾਨ ਅਨੋਖੀ ਘਟਨਾ ਵਾਪਰੀ ਜਦੋਂ ਕੁਝ ਕੌਂਸਲਰਾਂ ਨੇ ਆਪਣੇ ਖਰਚੇ ’ਤੇ ਟਰੈਕਟਰਾਂ ਰਾਹੀਂ ਕੂੜਾ ਡੰਪਾਂ ’ਚ ਕੂੜਾ ਖੁਦ ਚੁੱਕਿਆ ਜਿਸ ਦੌਰਾਨ ਸਫ਼ਾਈ ਸੇਵਕ ਯੂਨੀਅਨ ਨੂੰ ਪਤਾ ਲੱਗਣ ’ਤੇ ਸਫ਼ਾਈ ਸੇਵਕਾਂ ਨੇ ਭਰੀਆਂ ਕੂੜੇ ਦੀ ਟਰਾਲੀਆਂ ਉੱਥੇ ਹੀ ਡੰਪ ’ਚ ਡੇਗ ਦਿੱਤੀਆਂ ਅਤੇ ਅੱਗੇ ਨੂੰ ਕੌਂਸਲਰਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਖਿਲਾਫ਼ ਚੱਲ ਰਹੀ ਹੜਤਾਲ ਨੂੰ ਤਾਰਪੀਡੋ ਨਾ ਕਰਨ। ਕੌਂਸਲਰਾਂ ਨੇ ਕਿਹਾ ਕਿ ਉਹ ਸਫ਼ਾਈ ਸੇਵਕਾਂ ਦੇ ਨਾਲ ਹਨ ਪਰ ਵਾਰਡਾਂ ਅੰਦਰ ਗੰਦਗੀ ਕਾਰਨ ਬਿਮਾਰੀ ਫੈਲਣ ਦੇ ਡਰੋਂ ਕੂੜਾ ਖੁਦ ਚੁੱਕ ਰਹੇ ਸਨ। ਯੂਨੀਅਨ ਨੇ ਮੰਗ ਕੀਤੀ ਕਿ ਸਫ਼ਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਪੰਪ ਅਪਰੇਟਰ, ਕੰਪਿਊਟਰ ਅਪਰੇਟਰ, ਕਲੱਰਕ, ਡਰਾਈਵਰ ਤੇ ਸਫਾਈ ਕਰਮਚਾਰੀਆਂ ਨੂੰ ਹਜ਼ਾਰ ਰੁਪਏ ਸਪੈਸ਼ਲ ਭੱਤਾ ਦੇਣ ਤੋਂ ਇਲਾਵਾ ਫਾਇਰ ਬ੍ਰਿਗੇਡ ਕਰਮਚਾਰੀ ਪੱਕੇ ਕੀਤੇ ਜਾਣ। ਉਨ੍ਹਾਂ ਸ਼ਹਿਰਾਂ ਦੀਆਂ ਬੀਟਾਂ ਅਨੁਸਾਰ ਸਫ਼ਾਈ ਸੇਵਕ ਭਰਤੀ ਕਰਨ ਦੀ ਵੀ ਮੰਗ ਕੀਤੀ।
ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ
ਧੂਰੀ (ਨਿੱਜੀ ਪੱਤਰ ਪ੍ਰੇਰਕ): ਨਗਰ ਕੌਂਸਲ ਧੂਰੀ ਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ 11 ਵੇਂ ਦਿਨ ਵੀ ਜਾਰੀ ਰਹੀ। ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਦਿਖਾਈ ਦੇਣ ਲੱਗ ਪਏ ਹਨ ਅਤੇ ਅਵਾਰਾ ਪਸ਼ੂ ਗੰਦਗੀ ਵਿੱਚ ਮੂੰਹ ਮਾਰ ਕੇ ਕੂੜਾ ਸੜਕਾਂ ’ਤੇ ਖਿਲਾਰ ਰਹੇ ਹਨ। ਇਸ ਤੋਂ ਇਲਾਵਾ ਕਈ ਥਾਈਂ ਗੰਦਗੀ ਨਾਲ ਭਰੀਆਂ ਨਾਲੀਆਂ ਦਾ ਗੰਦਾ ਪਾਣੀ ਸੜਕਾਂ ’ਤੇ ਫੈਲ ਰਿਹਾ ਹੈ ਜਿਸ ਕਾਰਨ ਮੱਖੀ-ਮੱਛਰਾਂ ਵਿੱਚ ਵਾਧਾ ਹੋਇਆ ਹੈ ਅਤੇ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀ ਇਹ ਹੜਤਾਲ ਪੰਜਾਬ ਪੱਧਰ ਦੀ ਹੈ, ਪਰ ਫਿਰ ਵੀ ਉਹ ਆਪਣੇ ਪੱਧਰ ’ਤੇ ਇਸ ਮਾਮਲੇ ਦਾ ਹੱਲ ਕੱਢਣ ਵਿੱਚ ਯਤਨਸ਼ੀਲ ਹਨ।