ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਅਗਸਤ
ਪਿੰਡ ਘਰਾਚੋਂ ਵਿਚ ਆਮ ਆਦਮੀ ਪਾਰਟੀ ਦੇ ਆਗੂ ਗੁਰਮੇਲ ਸਿੰਘ ਘਰਾਚੋਂ ਦੇ ਘਰ ਅੱਗੇ ਧਰਨਾ ਲਗਾਉਣ ਜਾ ਰਹੇ ਐਡਵੋਕੇਟ ਜਰਨੈਲ ਸਿੰਘ ਬਰਾੜ ਨੂੰ ਪੁਲੀਸ ਨੇ ਇੱਥੇ ਨਵੇਂ ਬੱਸ ਸਟੈਂਡ ਤੋਂ ਹੀ ਗ੍ਰਿਫਤਾਰ ਕਰ ਲਿਆ। ਸਰਸਾ ਤੋਂ ਐਡਵੋਕੇਟ ਬਰਾੜ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਤੋਂ ਚੋਣਾਂ ਦੌਰਾਨ ਖ਼ਰਚ ਕੀਤੇ ਗਏ ਪੈਸਿਆਂ ਦਾ ਹਿਸਾਬ ਕਿਤਾਬ ਨਾ ਮਿਲਣ ਦੇ ਰੋਸ ਵਜੋਂ ਅੱਜ ਪਿੰਡ ਘਰਾਚੋਂ ਵਿਚ ਉਸ ਦੇ ਘਰ ਅੱਗੇ ਸ਼ਾਂਤਮਈ ਧਰਨਾ ਲਗਾਉਣਾ ਸੀ। ਜਿਸ ਸਬੰਧੀ ਉਸ ਨੇ ਪਹਿਲਾਂ ਤੋਂ ਹੀ ਸੂਚਨਾ ਦਿੱਤੀ ਸੀ। ਉਹ ਅੱਜ ਸਵੇਰੇ ਜਦੋਂ ਬੱਸ ਰਾਹੀਂ ਆ ਰਿਹਾ ਸੀ ਤਾਂ ਇੱਥੇ ਸ਼ਹਿਰ ਦੇ ਨਵੇਂ ਬੱਸ ਸਟੈਂਡ ’ਤੇ ਉਤਰਨ ਸਮੇਂ ਪੁਲੀਸ ਨੇ ਗ੍ਰਿਫਤਾਰ ਕਰ ਲਿਆ।