ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਅਗਸਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜ਼ਿਲ੍ਹਾ ਖੇਤੀ ਸਲਾਹਕਾਰ ਮੁਖੀ ਡਾ. ਬੂਟਾ ਸਿੰਘ ਰੋਮਾਣਾ ਨੇ ਇਲਾਕੇ ਦੇ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਦਾ ਨਿਰੀਖਣ ਕਰਕੇ ਦੱਸਿਆ ਕਿ ਝੋਨੇ ਦੀ ਫ਼ਸਲ ’ਤੇ ਕੁਝ ਪਿੰਡਾਂ ’ਚੋ ਪੱਤੇ ਸੜਨ ਅਤੇ ਬੱਲੀ ਦਾ ਛਿੱਟਾ ਕਾਲਾ ਪੈਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹਦਾਇਤ ਅਨੁਸਾਰ ਝੋਨੇ ਵਿੱਚ ਪੋਟਾਸ਼ੀਅਮ ਨਾਈਟਰੇਟ) ਦੀ 1.5 ਫ਼ੀਸਦ ਦੇ ਹਿਸਾਬ ਨਾਲ ਤਿੰਨ ਕਿਲੋ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ, ਜਦੋਂ ਜੀਰੀ ਪੂਰੇ ਬਗੋਲੇ ’ਤੇ ਹੈ, ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਦਾ ਮਕਸਦ ਝੋਨੇ ਦੀ ਫੋਕ ਘਟਾਉਣਾ ਅਤੇ ਠੋਸ ਦਾਣਾ ਬਣਾਉਣ ਲਈ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨ ਇਸ ਵਿੱਚ ਕੀੜੇ-ਮਾਰ ਅਤੇ ਉੱਲੀਨਾਸ਼ਕ ਅਤੇ ਬੋਰੋਨ ਪਾ ਕੇ ਛਿੜਕਾਅ ਕਰ ਰਹੇ ਹਨ। ਇਸ ਨਾਲ ਕੁਝ ਕਿਸਾਨਾਂ ਨੇ ਇਸ ਤਰ੍ਹਾਂ ਮਿਲਾ ਕੇ ਛਿੜਕਾਅ ਕਰਨ ਨਾਲ ਝੋਨੇ ਦੇ ਪੱਤੇ ਸੜਨ ਅਤੇ ਜੀਰੀ ਦਾ ਧੂੰਆਂ ਜਿਹਾ ਨਿਕਲਣ ਦੀ ਸ਼ਿਕਾਇਤ ਕੀਤੀ ਹੈ। ਪਰ ਇਸ ਵਿੱਚ ਪੋਟਾਸ਼ੀਅਮ ਨਾਈਟਰੇਟ ਤੋਂ ਇਲਾਵਾਂ ਕੁਝ ਹੋਰ ਮਿਲਾ ਕੇ ਨਾ ਕਰੋ। ਉਨ੍ਹਾਂ ਕਿਹਾ ਕਿ ਬੋਰੋਨ ਦੀ ਥੋੜ੍ਹੀ ਜਿਹੀ ਘੱਟ-ਵੱਧ ਮਾਤਰਾ ਜ਼ਮੀਨ ਵਿੱਚ ਛੋਟੇ-ਵੱਡੇ ਤੱਤਾਂ ’ਚੋਂ ਵਿਗਾੜ ਪੈਦਾ ਕਰਦੀ ਹੈ।