ਪੱਤਰ ਪ੍ਰੇਰਕ
ਸੰਗਰੂਰ, 18 ਅਕਤੂਬਰ
ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਕਾਰਜਕਾਰਨੀ ਦੀ ਅਹਿਮ ਇਕੱਤਰਤਾ ਸਿਟੀ ਪਾਰਕ ਸੰਗਰੂਰ ਵਿੱਚ ਕਰਮ ਸਿੰਘ ਜਖਮੀ ਦੀ ਪ੍ਰਧਾਨਗੀ ਹੇਠ ਹੋਈ| ਇਸ ਦੌਰਾਨ ਸਭਾ ਦਾ ਸਾਲਾਨਾ ਸਮਾਗਮ 28 ਨਵੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ| ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਰਪ੍ਰਸਤੀ ਹੇਠ ਹੋਣ ਵਾਲੇ ਇਸ 7ਵੇਂ ਸਾਲਾਨਾ ਸਮਾਗਮ ਵਿਚ ਸਭਾ ਵੱਲੋਂ ਦਿੱਤੇ ਜਾਣ ਵਾਲੇ ਸਾਲਾਨਾ ਪੁਰਸਕਾਰਾਂ ਲਈ ਸਰਬ ਸੰਮਤੀ ਨਾਲ ਸਾਹਿਤਕਾਰਾਂ ਦੇ ਨਾਵਾਂ ਦੀ ਚੋਣ ਕੀਤੀ ਗਈ ਹੈ, ਜਿਸ ਅਨੁਸਾਰ ‘ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ’ ਲਈ ਡਾ. ਅਰਵਿੰਦਰ ਕੌਰ ਕਾਕੜਾ ਨੂੰ ਚੁਣਿਆ ਗਿਆ| ਇਸੇ ਤਰ੍ਹਾਂ ‘ਗੁਰਮੇਲ ਮਡਾਹੜ ਗਲਪ ਪੁਰਸਕਾਰ’ ਲਈ ਬਲਬੀਰ ਕੌਰ ਰੀਹਲ ਦੇ ਨਾਮ ਦੀ ਚੋਣ ਕੀਤੀ ਗਈ| ‘ਲੋਕ ਕਵੀ ਸੰਤ ਰਾਮ ਉਦਾਸੀ ਕਵਿਤਾ ਪੁਰਸਕਾਰ’ ਲਈ ਜਗਸੀਰ ਜੀਦਾ ਦੀ ਚੋਣ ਕੀਤੀ ਗਈ, ‘ਗੁਰਬੀਰ ਸਿੰਘ ਬੀਰ ਵਿਰਾਸਤੀ ਪੁਰਸਕਾਰ’ ਲਈ ਡਾ. ਸੰਪੂਰਨ ਸਿੰਘ ਟੱਲੇਵਾਲੀਆਂ ਦੇ ਕਵੀਸ਼ਰੀ ਜਥੇ ਦਾ ਨਾਮ ਸਾਹਮਣੇ ਆਇਆ ਅਤੇ ‘ਮੇਘ ਗੋਇਲ ਯਾਦਗਾਰੀ ਪੁਰਸਕਾਰ’ ਸੁਰਜੀਤ ਦੇਵਲ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ|
ਇਸ ਮੌਕੇ ਪ੍ਰੋ. ਨਰਿੰਦਰ ਸਿੰਘ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ ਤੇ ਭੁਪਿੰਦਰ ਨਾਗਪਾਲ ਹਾਜ਼ਰ ਸਨ।