ਨਿਜੀ ਪੱਤਰ ਪ੍ਰੇਰਕ
ਸੰਗਰੂਰ, 7 ਮਈ
ਕਰੋਨਾ ਦੌਰਾਨ ਲੌਕਡਾਊਨ ਦੀਆਂ ਪਾਬੰਦੀਆਂ ਕਾਰਨ ਸਬਜ਼ੀ ਕਾਸ਼ਤਕਾਰਾਂ ਅਤੇ ਸਬਜ਼ੀ ਵਿਕਰੇਤਾ ਬੇਹੱਦ ਪ੍ਰੇਸ਼ਾਨ ਹਨ ਜਿਨ੍ਹਾਂ ਨੂੰ ਵੱਡੀ ਆਰਥਿਕ ਮਾਰ ਝੱਲਣੀ ਪੈ ਰਹੀ ਹੈ। ਪਾਬੰਦੀਆਂ ਕਾਰਨ ਖਰੀਦਦਾਰਾਂ ਦੀ ਘਾਟ ਕਾਰਨ ਸਬਜ਼ੀ ਕਾਸ਼ਤਕਾਰਾਂ ਨੂੰ ਕੌਡੀਆਂ ਦੇ ਭਾਅ ਸਬਜ਼ੀਆਂ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਅੱਜ ਮੰਡੀ ਵਿਚ ਸਬਜ਼ੀ ਕਾਸ਼ਤਕਾਰ ਕਿਸਾਨਾਂ ਅਤੇ ਸਬਜ਼ੀ ਵਿਕਰੇਤਾਵਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਜਤਾਇਆ ਅਤੇ ਉਨ੍ਹਾਂ ਦੇ ਹਾਲਾਤ ਨੂੰ ਮੁੱਖ ਰੱਖਦਿਆਂ ਪਾਬੰਦੀਆਂ ਤੋਂ ਛੋਟ ਦੇਣ ਦੀ ਮੰਗ ਕੀਤੀ। ਇਸ ਮੌਕੇ ਠੇਕੇ ’ਤੇ ਜ਼ਮੀਨ ਲੈ ਕੇ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਸਫ਼ੀ ਮੁਹੰਮਦ ਨੇ ਦੱਸਿਆ ਕਿ ਉਸ ਨੂੰ ਆਪਣੀਆਂ ਸ਼ਬਜ਼ੀਆਂ ਕੌਡੀਆਂ ਭਾਅ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਅੱਜ ਸਬਜ਼ੀਆਂ ਜਿਸ ਵਿਚ ਕਰੇਲਾ, ਬੈਂਗਣ ਅਤੇ ਲਾਲ ਟਮਾਰਟਰ ਆਦਿ ਦੀਆਂ 39 ਗੱਠਾਂ ਲੈ ਕੇ ਸਵੇਰੇ ਸਬਜ਼ੀ ਮੰਡੀ ਲਿਆਇਆ ਸੀ ਜਿਸ ਵਿਚੋਂ ਸਿਰਫ਼ 16 ਗੱਠਾਂ ਹੀ ਵਿਕੀਆਂ ਹਨ ਜੋ ਛੇ ਰੁਪਏ ਕਿਲੋ, 5 ਰੁਪਏ ਕਿਲੋ ਅਤੇ 4 ਰੁਪਏ ਕਿਲੋ ਦੇ ਭਾਅ ਹੀ ਸਬਜ਼ੀਆਂ ਇੱਕ ਤਰ੍ਹਾਂ ਨਾਲ ਸੁੱਟੀਆਂ ਹੀ ਹਨ। ਇਸ ਮੌਕੇ ਸਬਜ਼ੀ ਮੰਡੀ ਦੇ ਪ੍ਰਧਾਨ ਮੋਨੂੰ ਸ਼ਰਮਾ, ਮੀਤ ਪ੍ਰਧਾਨ ਸੋਨੂੰ ਸੈਣੀ, ਵਿਕਾਸ ਪਾਹੂਜਾ, ਸਾਹਿਲ, ਗਗਨ, ਮੁਹੰਮਦ ਇਮਰਾਨ, ਪ੍ਰਭੂ ਸਿੰਘ, ਹਰਦੀਪ ਸਿੰਘ, ਵਿਜੈ ਕੁਮਾਰ ਆਦਿ ਨੇ ਸਰਕਾਰ ਖ਼ਿਲਾਫ਼ ਰੋਸ ਜਤਾਉਂਦਿਆਂ ਮੰਗ ਕੀਤੀ ਕਿ ਪਾਬੰਦੀਆਂ ਤੋਂ ਛੋਟ ਦਿੱਤੀ ਜਾਵੇ।