ਜਗਤਾਰ ਸਿੰਘ ਨਹਿਲ
ਲੌਂਗੋਵਾਲ, 22 ਜੂਨ
ਕਸਬੇ ਤੋਂ ਸਲਾਇਟ ਯੂਨੀਵਰਸਿਟੀ, ਪਿੰਡ ਦੁੱਗਾਂ ਅਤੇ ਸ਼ਹੀਦ ਭਾਈ ਦਿਆਲਾ ਜੀ ਸਕੂਲ ਨੂੰ ਮਿਲਾਉਣ ਵਾਲੀ ਇੱਕੋ-ਇੱਕ ਸੜਕ ਦੇ ਪਿਛਲੇ 5 ਸਾਲ ਤੋਂ ਅਤਿ ਮੰਦੇ ਹਾਲ ਬਰਕਰਾਰ ਹਨ। ਮੀਂਹ ਪੈਣ ਤੋਂ ਬਾਅਦ ਤਾਂ ਇਹ ਸੜਕ ਖ਼ਤਰਨਾਕ ਰੂਪ ਧਾਰ ਲੈਂਦੀ ਹੈ, ਪਰ ਕੋਈ ਵੀ ਪ੍ਰਸ਼ਾਸਨਿਕ ਜਾਂ ਸਿਆਸਤਦਾਨ ਇਸ ਦੀ ਸਾਰ ਨਹੀਂ ਲੈ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਇੰਜ ਲਗਦਾ ਹੈ ਕਿ ਸ਼ਾਇਦ ਇਲਾਕਾ ਵਾਸੀਆਂ ਨੂੰ ਕਰੋਨਾ ਮਹਾਮਾਰੀ ਵਾਂਗ ਇਸ ਸੜਕ ਦੇ ਮਨੁੱਖ ਮਾਰੂ ਟੋਇਆਂ ਨਾਲ ਹੀ ਜਿਊਣ ਦੀ ਆਦਤ ਪਾਉਣੀ ਪਵੇਗੀ। ਰੋਜ਼ਾਨਾ ਸੜਕ ਤੋਂ ਲੰਘਣ ਵਾਲੇ ਆਮ ਲੋਕ ਅਤੇ ਸਲਾਇਟ ਕਰਮਚਾਰੀ ਰੀੜ੍ਹ ਦੀ ਹੱਡੀ ਦੀਆਂ ਅਨੇਕਾਂ ਬਿਮਾਰੀਆਂ ਤੋਂ ਪੀੜਤ ਹੋ ਚੁੁੱਕੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ’ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਸੜਕ ਦੀ ਗੱਲ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਾਂਗਰਸ ਦੇ ਹਲਕਾ ਇੰਚਾਰਜ ਨਾਲ ਕਰਦੇ ਹਨ ਤਾਂ ਸੜਕ ਪੰਜ ਦਸ ਦਿਨਾਂ ’ਚ ਬਣਨ ਦਾ ਲਾਰਾ ਲਾ ਦਿੱਤਾ ਜਾਂਦਾ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਸਲਾਇਟ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਜੁਝਾਰ ਲੌਂਗੋਵਾਲ, ਸਕੱਤਰ ਜਗਦੀਸ਼ ਚੰਦ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਬਲਵੀਰ ਚੰਦ ਲੌਂਗੋਵਾਲ, ਅਨਿੱਲ ਬੱਗਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਸਵਿੰਦਰ ਸੋਮਾ, ਕਿਰਤੀ ਕਿਸਾਨ ਯੂਨੀਅਨ ਦੇ ਭੂਪਿੰਦਰ ਲੌਂਗੋਵਾਲ, ਬੀਰਬਲ ਸਿੰਘ, ਭਗਤ ਸਿੰਘ ਲਾਇਬ੍ਰੇਰੀ ਦੇ ਕਮਲਜੀਤ ਵਿੱਕੀ, ਸੁਖਪਾਲ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੱਖੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪਰਵਿੰਦਰ ਉਭਾਵਾਲ, ਗਗਨਦੀਪ ਸਿੰਘ ਆਦਿ ਆਗੂਆਂ ਨੇ ਸੜਕ ਨੂੰ ਤੁਰੰਤ ਬਣਾਉਣ ਦੀ ਮੰਗ ਕੀਤੀ ਹੈ।